ਫ਼ੌਜੀ ਅੱਡੇ 'ਤੇ ਹਮਲੇ ਦਾ ਮਾਮਲਾ: ਜਾਂਚ ਤੋਂ ਬਾਅਦ ਅਮਰੀਕਾ ਦੀ ਕਾਰਵਾਈ!

ਏਜੰਸੀ

ਖ਼ਬਰਾਂ, ਕੌਮਾਂਤਰੀ

ਇਕ ਦਰਜ਼ਨ ਸਾਊਦੀ ਟਰੇਨੀਆਂ ਨੂੰ ਬਰਖ਼ਾਸਤ ਕਰਨ ਦੀ ਤਿਆਰੀ!

file photo

ਵਾਸ਼ਿੰਗਟਨ : ਫਲੋਰੀਡਾ ਵਿਚ ਇਕ ਸਾਊਦੀ ਅਧਿਕਾਰੀ ਵਲੋਂ ਗੋਲੀਬਾਰੀ ਮਾਮਲੇ ਦੀ ਜਾਂਚ ਤੋਂ ਬਾਅਦ ਅਮਰੀਕਾ ਕੱਟੜਪੰਥੀਆਂ ਨਾਲ ਸਬੰਧ ਰੱਖਣ ਵਾਲੇ ਅਤੇ ਬਾਲ ਪੋਰਨੋਗ੍ਰਾਫ਼ੀ ਦੇ ਦੋਸ਼ੀ ਘੱਟੋ-ਘੱਟ ਇਕ ਦਰਜ਼ਨ ਸਾਊਦੀ ਟਰੇਨੀਆਂ ਨੂੰ ਵਾਪਸ ਭੇਜ ਦੇਵੇਗਾ।  ਇਹ ਖ਼ਬਰ ਸਨਿਚਰਵਾਰ ਨੂੰ ਮੀਡੀਆ ਦੇ ਹਵਾਲੇ ਨਾਲ ਮਿਲੀ।

ਦਸੰਬਰ ਵਿਚ ਅਮਰੀਕਾ ਵਿਚ ਚੱਲ ਰਹੇ ਸਾਊਦੀ ਮਿਲਟਰੀ ਸਿਖਲਾਈ ਪ੍ਰੋਗਰਾਮ ਵਿਚ ਸ਼ਾਮਲ ਮੁਹੰਮਦ ਅਲਸ਼ਮਰਾਨੀ ਨੇ ਪੇਂਸਾਕੋਲਾ ਨੇਵਲ ਏਅਰ ਸਟੇਸ਼ਨ ਵਿਚ ਇਕ ਕਲਾਸ ਵਿਚ ਗੋਲੀਬਾਰੀ ਕੀਤੀ ਸੀ ਜਿਸ ਵਿਚ 3 ਮਲਾਹਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ ਸਨ। ਘਟਨਾ ਦੌਰਾਨ ਹੀ ਪੁਲਿਸ ਨੇ ਉਸ ਨੂੰ ਗੋਲੀ ਮਾਰ ਦਿਤੀ ਸੀ।

ਰਿਪੋਰਟ ਮੁਤਾਬਕ ਦਰਜ਼ਨ ਭਰ ਤੋਂ ਵੱਧ ਟਰੇਨੀ ਅਲਸ਼ਮਰਾਨੀ ਦੀ ਮਦਦ ਕਰਨ ਦੇ ਦੋਸ਼ੀ ਨਹੀਂ ਪਾਏ ਗਏ ਹਨ ਪਰ ਉਨ੍ਹਾਂ 'ਚੋਂ ਕੁਝ ਕੱਟੜਪੰਥੀਆਂ ਨਾਲ ਸਬੰਧ ਰੱਖਣ ਅਤੇ ਕੁਝ 'ਤੇ ਬਾਲ ਪੋਰਨੋਗ੍ਰਾਫ਼ੀ ਰੱਖਣ ਦਾ ਸ਼ੱਕ ਹੈ। ਮਾਮਲੇ ਦੀ ਜਾਂਚ ਕਰ ਰਹੀ ਐਫ਼.ਬੀ.ਆਈ. ਨੇ ਪਾਇਆ ਕਿ ਉਨ੍ਹਾਂ 'ਚੋਂ ਕਈ ਲੋਕਾਂ ਨੇ ਹਮਲੇ ਤੋਂ ਪਹਿਲਾਂ ਵੀ ਹਮਲਾਵਰ ਦੇ ਅਜੀਬ ਵਿਵਹਾਰ ਬਾਰੇ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ।

 ਪੇਂਟਾਗਨ ਨੇ ਦਸੰਬਰ ਅੱਧ ਵਿਚ ਕਿਹਾ ਸੀ ਕਿ ਤੁਰਤ ਖ਼ਤਰੇ ਦੇ ਖਦਸ਼ੇ ਨੂੰ ਖ਼ਤਮ ਕਰਨ ਲਈ ਅਮਰੀਕਾ ਵਿਚ ਵਰਤਮਾਨ ਵਿਚ ਸਿਖਲਾਈ ਪ੍ਰਾਪਤ ਕਰਨ ਵਾਲੇ ਸਾਰੇ ਸਾਊਦੀ ਮਿਲਟਰੀ ਟਰੇਨੀਆਂ ਦੀ ਪਿਠਭੂਮੀ ਦੀ ਜਾਂਚ ਕੀਤੀ ਗਈ ਸੀ। ਗੋਲੀਬਾਰੀ ਕਰਨ ਵਾਲਾ 21 ਸਾਲ ਦਾ ਹਮਲਾਵਰ ਸਾਊਦੀ ਸ਼ਾਹੀ ਹਵਾਈ ਫ਼ੌਜ ਵਿਚ ਲੈਫ਼ਟੀਨੈਂਟ ਸੀ। ਉਸ ਕੋਲ ਕਾਨੂੰਨੀ ਤੌਰ 'ਤੇ ਗਲਾਕ 9-ਐਮ.ਐਮ. ਹੈਂਡਗਨ ਸੀ। ਇਹ ਵੀ ਪਾਇਆ ਗਿਆ ਕਿ ਉਸ ਨੇ ਹਮਲੇ ਤੋਂ ਪਹਿਲਾਂ ਟਵਿਟਰ 'ਤੇ ਅਮਰੀਕਾ ਨੂੰ 'ਬੁਰਾਈਆਂ ਦਾ ਦੇਸ਼' ਲਿਖਿਆ ਸੀ।

ਖ਼ਬਰ ਅਨੁਸਾਰ ਐਫ਼.ਬੀ.ਆਈ. ਨੇ ਐਪਲ ਤੋਂ ਅਲਸ਼ਮਰਾਨੀ ਦੇ ਦੋ ਆਈਫ਼ੋਨਾਂ ਦੀ ਜਾਂਚ ਲਈ ਮਦਦ ਮੰਗੀ ਸੀ ਪਰ ਕੰਪਨੀ ਸਰਕਾਰੀ ਅਪੀਲਾਂ ਨੂੰ ਟਾਲ ਰਹੀ ਹੈ। ਐਪਲ ਨੇ ਕਿਹਾ ਕਿ ਉਸ ਨੇ ਪਹਿਲਾਂ ਹੀ ਕਲਾਊਡ ਸਟੋਰੇਜ਼ ਵਿਚ ਸਬੰਧਤ ਡਾਟਾ ਸਾਂਝਾ ਕਰ ਕੇ ਏਜੰਸੀ ਦੀ ਮਦਦ ਕਰ ਦਿਤੀ ਹੈ। ਗੌਰਤਲਬ ਹੈ ਕਿ  ਲੱਗਭਗ 5,000 ਅੰਤਰਰਾਸ਼ਟਰੀ ਮਿਲਟਰੀ ਟਰੇਨੀਆਂ ਦੀ ਅਮਰੀਕਾ ਵਿਚ ਸਿਖਲਾਈ ਚੱਲ ਰਹੀ ਹੈ, ਜਿਸ ਵਿਚ ਸਾਰੀਆਂ ਬ੍ਰਾਂਚਾ ਵਿਚ ਲੱਗਭਗ 850 ਸਾਊਦੀ ਵੀ ਸ਼ਾਮਲ ਹਨ।