Canada News: ਨਿੱਝਰ ਦੇ ਕਤਲ ’ਤੇ ਮੁੜ ਬੋਲੇ ਜਸਟਿਨ ਟਰੂਡੋ, 'ਘੱਟ ਗਿਣਤੀਆਂ ਨਾਲ ਹਮੇਸ਼ਾ ਖੜਾ ਹੈ ਕੈਨੇਡਾ'
ਸਾਡੇ ਸਿਧਾਂਤ ਮੁਤਾਬਕ ਜੋ ਵੀ ਵਿਅਕਤੀ ਦੁਨੀਆਂ ਦੇ ਕਿਸੇ ਵੀ ਹਿੱਸੇ ਤੋਂ ਕੈਨੇਡਾ ਆਉਂਦਾ ਹੈ, ਉਸ ਕੋਲ ਕੈਨੇਡੀਅਨ ਦੇ ਸਾਰੇ ਅਧਿਕਾਰ ਹਨ
Canada News: ਕੈਨੇਡੀਅਨ ਚੋਣਾਂ ਵਿਚ ਵਿਦੇਸ਼ੀ ਦਖ਼ਲਅੰਦਾਜ਼ੀ ਦੀ ਜਾਂਚ ਕਰਨ ਵਾਲੀ ਇਕ ਜਨਤਕ ਜਾਂਚ ਵਿਚ ਗਵਾਹੀ ਦਿੰਦੇ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੈਨੇਡੀਅਨਾਂ ਦੀ ਸੁਰੱਖਿਆ ਦੇ ਮੁੱਦੇ ’ਤੇ ਦ੍ਰਿੜ ਹੈ, ਜਿਸ ਵਿਚ ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੀ ਹਤਿਆ ਨੂੰ ਸੰਬੋਧਤ ਕਰਨਾ ਵੀ ਸ਼ਾਮਲ ਹੈ, ਜਿਸ ਦਾ ਪਿਛਲੇ ਸਾਲ ਜੂਨ ਵਿਚ ਸਰੀ ਵਿਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ।
ਕਿਊਬਿਕ ਦੀ ਜੱਜ ਮੈਰੀ-ਜੋਸੀ ਹੋਗ ਦੀ ਅਗਵਾਈ ਵਾਲੇ ਵਿਦੇਸ਼ੀ ਦਖ਼ਲਅੰਦਾਜ਼ੀ ਕਮਿਸ਼ਨ ਦੀ ਸੁਣਵਾਈ ਦੌਰਾਨ, ਟਰੂਡੋ ਨੇ ਦੇਸ਼ ਦੀ ਪਿਛਲੀ ਕੰਜ਼ਰਵੇਟਿਵ ਸਰਕਾਰ ’ਤੇ ਮੌਜੂਦਾ ਭਾਰਤ ਸਰਕਾਰ ਨਾਲ ਨਰਮ ਰੁਖ਼ ਅਪਣਾਉਣ ਦਾ ਦੋਸ਼ ਲਗਾਇਆ।
ਟਰੂਡੋ ਨੇ ਕਿਹਾ, ‘ਸਾਡੇ ਸਿਧਾਂਤ ਮੁਤਾਬਕ ਜੋ ਵੀ ਵਿਅਕਤੀ ਦੁਨੀਆਂ ਦੇ ਕਿਸੇ ਵੀ ਹਿੱਸੇ ਤੋਂ ਕੈਨੇਡਾ ਆਉਂਦਾ ਹੈ, ਉਸ ਕੋਲ ਕੈਨੇਡੀਅਨ ਦੇ ਸਾਰੇ ਅਧਿਕਾਰ ਹਨ। ਉਹ ਜਬਰੀ ਵਸੂਲੀ, ਜ਼ਬਰਦਸਤੀ ਜਾਂ ਉਸ ਦੇਸ਼ ਤੋਂ ਦਖ਼ਲਅੰਦਾਜ਼ੀ ਤੋਂ ਮੁਕਤ ਹੁੰਦੇ ਹਨ ਜਿਸ ਨੂੰ ਉਹ ਛੱਡ ਕੇ ਆਉਂਦੇ ਹਨ। ਅਸੀਂ ਕਿਵੇਂ ਇਨ੍ਹਾਂ ਨਾਲ ਖੜੇ ਹੁੰਦੇ ਹਾਂ ਉਹ ਨਿੱਝਰ ਦੇ ਕਤਲ ਦੇ ਗੰਭੀਰ ਮਾਮਲੇ ’ਚ ਦਿਖਾ ਚੁਕੇ ਹਾਂ ਜਿਸ ਦਾ ਮੁੱਦਾ ਅਸੀਂ ਸੰਸਦ ’ਚ ਚੁਕਿਆ ਸੀ। ਇਹ ਕੈਨੇਡੀਅਨਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਦੀ ਰਖਿਆ ਲਈ ਸਾਡੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।’
ਉਨ੍ਹਾਂ ਅੱਗੇ ਕਿਹਾ, ‘ਸਾਡੀ ਸਰਕਾਰ ਕੈਨੇਡਾ ਵਿਚ ਘੱਟ-ਗਿਣਤੀਆਂ ਦੇ ਬੋਲਣ ਦੇ ਅਧਿਕਾਰ ਦੀ ਰਖਿਆ ਲਈ ਹਮੇਸ਼ਾ ਖੜੀ ਰਹੀ ਹੈ, ਭਾਵੇਂ ਹੀ ਇਸ ਨਾਲ ਉਨ੍ਹਾਂ ਦੇ ਘਰੇਲੂ ਦੇਸ਼ਾਂ ਨੂੰ ਚਿੜ ਹੋਵੇ।’ ਪਿਛਲੇ ਸਾਲ ਜਸਟਿਨ ਟਰੂਡੋ ਨੇ ਦੋਸ਼ ਲਾਇਆ ਸੀ ਕਿ ਕੈਨੇਡਾ ਵਿਚ ਭਾਰਤੀ ਏਜੰਟਾਂ ਨੇ ਹਰਦੀਪ ਸਿੰਘ ਨਿੱਝਰ ਦਾ ਕਤਲ ਕੀਤਾ ਸੀ। ਹਾਲਾਂਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਇਨ੍ਹਾਂ ਦੋਸ਼ਾਂ ਨੇ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਪੈਦਾ ਕਰ ਦਿਤਾ ਸੀ।
ਕੈਨੇਡਾ ਦੀ ਰਾਜਨੀਤੀ ਵਿਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਦੋਸ਼ਾਂ ਦੀ ਜਾਂਚ ਕਈ ਮੀਡੀਆ ਰਿਪੋਰਟਾਂ ਤੋਂ ਬਾਅਦ ਸ਼ੁਰੂ ਹੋਈ, ਜਿਸ ਵਿਚ ਬੇਨਾਮ ਸਰੋਤਾਂ ਅਤੇ ਲੀਕ ਹੋਏ ਦਸਤਾਵੇਜ਼ਾਂ ਦਾ ਹਵਾਲਾ ਦਿਤਾ ਗਿਆ ਸੀ। ਹਾਲਾਂਕਿ ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ (ਸੀ.ਐਸ.ਆਈ.ਐਸ.) ਦੇ ਇਕ ਸੰਖੇਪ ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਪਿਛਲੀਆਂ 2 ਸੰਘੀ ਚੋਣਾਂ ਵਿਚ ਦਖ਼ਲਅੰਦਾਜ਼ੀ ਭਾਰਤ ਨੇ ਨਹੀਂ ਸਗੋਂ ਚੀਨ ਨੇ ਗੁਪਤ ਅਤੇ ਧੋਖੇ ਨਾਲ ਕੀਤੀ ਸੀ। ਟਰੂਡੋ ਅਪਣੀ ਕੈਬਨਿਟ ਦੇ ਮੈਂਬਰਾਂ, ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ, ਖ਼ੁਫ਼ੀਆ ਅਧਿਕਾਰੀਆਂ ਅਤੇ ਸੀਨੀਅਰ ਨੌਕਰਸ਼ਾਹਾਂ ਦੀ ਕਈ ਦਿਨਾਂ ਦੀ ਗਵਾਹੀ ਤੋਂ ਬਾਅਦ ਨੈਸ਼ਨਲ ਪਬਲਿਕ ਇਨਕੁਇਰੀ ਦੇ ਸਾਹਮਣੇ ਪੇਸ਼ ਹੋਏ।
(For more Punjabi news apart from Canada supports the rights of citizens to ‘speak out’ even if it ‘irritates’ India: Trudeau, stay tuned to Rozana Spokesman)