Israel–Hamas war: ਇਜ਼ਰਾਈਲ ਦੀ ਘੇਰਾਬੰਦੀ ਤੋਂ ਬਾਅਦ ਗਾਜ਼ਾ ’ਚ ਬੱਤੀ ਗੁੱਲ, ਇਜ਼ਰਾਈਲੀ PM ਵਲੋਂ ਵਾਰ ਕੈਬਨਿਟ ਦਾ ਗਠਨ
ਗਾਜ਼ਾ ਦੇ ਲੋਕ ਬਿਜਲੀ ਲਈ ਜਨਰੇਟਰਾਂ 'ਤੇ ਨਿਰਭਰ ਕਰਨਗੇ, ਪਰ ਇਸ ਦੇ ਲਈ ਉਨ੍ਹਾਂ ਕੋਲ ਜਨਰੇਟਰ ਚਲਾਉਣ ਲਈ ਈਂਧਰ ਹੋਣਾ ਜ਼ਰੂਰੀ ਹੈ।
ਗਾਜ਼ਾ ਪੱਟੀ: ਗਾਜ਼ਾ ਦੇ ਇਕਲੌਤੇ ਪਾਵਰ ਸਟੇਸ਼ਨ ਵਿਚ ਈਂਧਨ ਖਤਮ ਹੋਣ ਤੋਂ ਬਾਅਦ ਬੱਤੀ ਗੁੱਲ ਹੋ ਗਈ ਹੈ। ਮੀਡੀਆ ਰੀਪੋਰਟਾਂ ਅਨੁਸਾਰ ਹਮਾਸ ਦੇ ਹਮਲੇ ਤੋਂ ਬਾਅਦ, ਇਜ਼ਰਾਈਲ ਨੇ ਗਾਜ਼ਾ 'ਤੇ ਘੇਰਾਬੰਦੀ ਕਰ ਦਿਤੀ ਹੈ। ਬਿਜਲੀ, ਬਾਲਣ, ਭੋਜਨ, ਵਸਤੂਆਂ ਅਤੇ ਪਾਣੀ ਦੀ ਸਪਲਾਈ ਵਿਚ ਕਟੌਤੀ ਕੀਤੀ ਗਈ ਹੈ। ਇਸ ਦਾ ਮਤਲਬ ਹੈ ਕਿ ਗਾਜ਼ਾ ਦੇ ਲੋਕ ਬਿਜਲੀ ਲਈ ਜਨਰੇਟਰਾਂ 'ਤੇ ਨਿਰਭਰ ਕਰਨਗੇ, ਪਰ ਇਸ ਦੇ ਲਈ ਉਨ੍ਹਾਂ ਕੋਲ ਜਨਰੇਟਰ ਚਲਾਉਣ ਲਈ ਈਂਧਰ ਹੋਣਾ ਜ਼ਰੂਰੀ ਹੈ।
ਇਸ ਹਫ਼ਤੇ ਦੇ ਸ਼ੁਰੂ ਵਿਚ, ਇਜ਼ਰਾਈਲ ਨੇ ਗਾਜ਼ਾ ਪੱਟੀ ਨੂੰ ਬਿਜਲੀ, ਬਾਲਣ ਅਤੇ ਪਾਣੀ ਦੀ ਸਪਲਾਈ ਕੱਟਣ ਦਾ ਐਲਾਨ ਕੀਤਾ ਸੀ। ਗਾਜ਼ਾ ਪਾਵਰ ਅਥਾਰਟੀ ਦੇ ਮੁਖੀ ਗਲਾਲ ਇਸਮਾਈਲ ਨੇ ਕਿਹਾ ਕਿ ਗਾਜ਼ਾ ਇਸ ਸਮੇਂ ਬਿਜਲੀ ਤੋਂ ਬਿਨਾਂ ਹੈ। ਉਨ੍ਹਾਂ ਕਿਹਾ ਕਿ ਗਾਜ਼ਾ ਵਿਚ ਲੋਕ ਅਜੇ ਵੀ ਬਿਜਲੀ ਲਈ ਪਾਵਰ ਜਨਰੇਟਰ ਦੀ ਵਰਤੋਂ ਕਰਦੇ ਹਨ ਪਰ ਸਰਹੱਦ ਦੇ ਸਾਰੇ ਪਾਸੇ ਨਾਕਾਬੰਦੀ ਕਾਰਨ ਜਨਰੇਟਰਾਂ ਨੂੰ ਚਲਾਉਣ ਲਈ ਲੋੜੀਂਦਾ ਬਾਲਣ ਖਤਮ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਲੋਂ ਵਾਰ ਕੈਬਨਿਟ ਦਾ ਗਠਨ
ਉਧਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜੰਗੀ ਮੰਤਰੀ ਮੰਡਲ (ਵਾਰ ਕੈਬਨਿਟ) ਦੇ ਗਠਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਜੰਗ ਦੌਰਾਨ ਰਣਨੀਤਕ ਗਤੀਵਿਧੀਆਂ ਨੂੰ ਸਰਲ ਬਣਾਉਣ ਅਤੇ ਤੁਰੰਤ ਮਨਜ਼ੂਰੀ ਦੇਣ ਲਈ ਅਜਿਹੀ ਵਿਸ਼ੇਸ਼ ਕੈਬਨਿਟ ਬਣਾਈ ਜਾਂਦੀ ਹੈ। ਇਸ ਮੰਤਰੀ ਮੰਡਲ ਵਿਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਵਿਰੋਧੀ ਧਿਰ ਦੇ ਨੇਤਾ ਬੈਨੀ ਗੈਂਟਜ਼ ਅਤੇ ਸੈਨਾ ਮੁਖੀ ਸ਼ਾਮਲ ਹੋਣਗੇ। ਨੇਤਨਯਾਹੂ ਨੇ ਵਿਰੋਧੀ ਨੇਤਾ ਨਾਲ ਗੱਲਬਾਤ ਤੋਂ ਬਾਅਦ ਹੀ ਵਾਰ ਕੈਬਨਿਟ ਬਣਾਉਣ ਦਾ ਫੈਸਲਾ ਕੀਤਾ ਹੈ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਜੰਗ ਦੇ ਸਮੇਂ ਅਸੀਂ ਸਾਰੇ ਇਕਜੁੱਟ ਹਾਂ। ਇਜ਼ਰਾਈਲ ਵਿਚ ਹੁਣ ਤਕ 1500 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।
ਵਾਰ ਕੈਬਨਿਟ ਕੀ ਹੈ?
ਇਹ ਵਾਰ ਕੈਬਨਿਟ ਇਕ ਕਮੇਟੀ ਹੈ ਜੋ ਜੰਗ ਦੇ ਸਮੇਂ ਵਿਚ ਬਣਾਈ ਜਾਂਦੀ ਹੈ। ਆਮ ਤੌਰ 'ਤੇ ਇਸ ਵਿਚ ਪ੍ਰਧਾਨ ਮੰਤਰੀ, ਕੁੱਝ ਕੈਬਨਿਟ ਮੰਤਰੀ ਅਤੇ ਫ਼ੌਜੀ ਅਧਿਕਾਰੀ ਸ਼ਾਮਲ ਹੁੰਦੇ ਹਨ। ਹਾਲਾਂਕਿ ਇਸ ਵਾਰ ਵਿਰੋਧੀ ਧਿਰ ਦੇ ਨੇਤਾ ਨੂੰ ਜਗ੍ਹਾ ਦਿਤੀ ਗਈ ਹੈ। ਨੇਤਨਯਾਹੂ ਨੇ ਤਿੰਨ ਮੈਂਬਰੀ ਵਾਰ ਕੈਬਨਿਟ ਦਾ ਗਠਨ ਕੀਤਾ ਹੈ। ਇਸ ਮੰਤਰੀ ਮੰਡਲ ਦਾ ਫਾਇਦਾ ਇਹ ਵੀ ਹੋਵੇਗਾ ਕਿ ਦੇਸ਼ ਅੰਦਰ ਸਿਆਸੀ ਪਾਰਟੀਆਂ ਦੇ ਅੰਦਰ ਚੱਲ ਰਹੇ ਝਗੜੇ ਸ਼ਾਂਤ ਰਹਿਣਗੇ। ਵਿਰੋਧੀ ਧਿਰ ਦੇ ਨੇਤਾ ਨੂੰ ਬਿਨਾਂ ਵਿਭਾਗ ਦੇ ਮੰਤਰੀ ਦਾ ਦਰਜਾ ਦਿਤਾ ਜਾਵੇਗਾ। ਇਸ ਦੇ ਨਾਲ ਹੀ, ਜੰਗ ਦੇ ਦੌਰਾਨ, ਅਹੁਦੇ ਬਰਕਰਾਰ ਰਹਿਣਗੇ, ਜਿਨ੍ਹਾਂ ਦਾ ਕਾਰਜਕਾਲ ਖਤਮ ਹੋ ਰਿਹਾ ਹੈ, ਉਨ੍ਹਾਂ ਦਾ ਕਾਰਜਕਾਲ ਵਧਾਇਆ ਜਾਵੇਗਾ। ਇਜ਼ਰਾਈਲ ਵਿਚ ਨਿਆਂ ਪ੍ਰਣਾਲੀ ਨੂੰ ਲੈ ਕੇ ਜੋ ਅੰਦਰੂਨੀ ਜੰਗ ਚੱਲ ਰਹੀ ਸੀ, ਉਹ ਵੀ ਖ਼ਤਮ ਹੋ ਗਈ ਹੈ।