ਇਜ਼ਰਾਈਲ-ਫ਼ਲਸਤੀਨ ਦਾ ਝਗੜਾ ਸਦਾ ਇਸੇ ਤਰ੍ਹਾਂ ਚਲਦਾ ਰਹੇਗਾ ਜਾਂ ਕੋਈ ਹੱਲ ਵੀ ਨਿਕਲੇਗਾ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਦੁਨੀਆਂ ਦੇ ਕਈ ਹਿੱਸੇ ਨਫ਼ਰਤਾਂ ਨਾਲ ਜੁੜ ਕੇ ਅਪਣੇ ਆਪ ਨੂੰ ਦਰਿੰਦਗੀ ਵਿਚ ਧਕੇਲ ਰਹੇ ਹਨ।

Will Israel-Palestine conflict continue like this forever or will there be a solution?

 

ਇਸ ਆਧੁਨਿਕ ਦੁਨੀਆਂ ਵਿਚ ਹੁਣ ਤੀਜੀ ਜੰਗ ਸ਼ੁਰੂ ਹੋ ਗਈ ਹੈ। ਰੂਸ-ਯੂਕਰੇਨ ਵਿਚ ਸ਼ਾਂਤੀ ਲਿਆਉਣ ਵਿਚ ਨਾਕਾਮ ਰਹੀ ਵਿਸ਼ਵ ਆਗੂਆਂ ਦੀ ਟੋਲੀ ਹੁਣ ਅਪਣੇ ਆਪ ਨੂੰ ਇਜ਼ਰਾਈਲ ’ਤੇ ਹਮਾਸ ਵਿਚਕਾਰ ਫਸੀ ਹੋਈ ਸਮਝਦੀ ਹੈ। ‘ਹਮਾਸ’ ਪੈਲਸਟੀਨ ਵਿਚ ਇਸਲਾਮੀ ਸੋਚ ਨਾਲ ਜੁੜੀ ਸੰਸਥਾ ਹੈ, ਜੋ ਗਾਜ਼ਾ ਵਿਚ ਸਰਕਾਰ ਵੀ ਚਲਾਉਂਦੀ ਹੈ ਤੇ ਜਿਸ ਨੂੰ ਸੰਯੁਕਤ ਰਾਸ਼ਟਰ ਵਿਚ ਇਕ ਦੇਸ਼ ਦਾ ਦਰਜਾ ਦਿਤਾ ਗਿਆ ਹੈ। ਉਸ ਨੇ ਅਜਿਹੀ ਗ਼ੈਰ ਇਨਸਾਨੀ ਸੋਚ ਨਾਲ ਇਜ਼ਰਾਈਲ ਉਤੇ ਹਮਲਾ ਕੀਤਾ ਹੈ ਕਿ ਸੱਭ ਲੋਕ ਦੰਗ ਰਹਿ ਗਏ ਹਨ।  ਹਮਲੇ ਤੋਂ ਨਿਕਲ ਕੇ ਆ ਰਹੇ ਦ੍ਰਿਸ਼ ਯਾਦ ਕਰਵਾਉਂਦੇ ਹਨ ਪੁਰਾਤਨ ਇਨਸਾਨ ਦੀਆਂ ਜੰਗਾਂ ਵਿਚ ਲੜਾਈ ਦੇ ਕੋਈ ਨਿਯਮ ਨਹੀਂ ਸਨ ਹੁੰਦੇ। ਹਮਾਸ ਨੇ ਗੁਰੀਲਾ ਡੈਮ ਤੇ ਬੇਕਸੂਰ ਨਾਗਰਿਕਾਂ ਤੇ ਹਮਲਾ ਕਰ ਕੇ ਨਾ ਸਿਰਫ਼ ਲਾਸ਼ਾਂ ਦੇ ਢੇਰ ਲਗਾਏ ਹਨ ਸਗੋਂ ਇਨਸਾਨੀਅਤ ਵਲੋਂ ਪ੍ਰਵਨਤ ਮਨੁੱਖੀ ਅਹਿਸਾਸਾਂ ਦਾ ਘਾਣ ਵੀ ਕੀਤਾ ਹੈ।

ਇਕ ਵਿਡੀਊ ਵਿਚ ਇਕ ਪਾਰਟੀ ਵਿਚ ਮੌਜ ਮਨਾ ਰਹੀ ਲੜਕੀ ਦਾ ਕਤਲ ਕੀਤਾ ਤੇ ਫਿਰ ਉਸ ਨੂੰ ਨੰਗਾ ਕਰ ਕੇ ਸ਼ਹਿਰ ਵਿਚ ਹੀ ਨਹੀਂ ਬਲਕਿ ਦੁਨੀਆਂ ਦੇ ਹਰ ਕੋਨੇ ਵਿਚ ਅਪਣੀ ਤਾਕਤ ਦੇ ਪ੍ਰਦਰਸ਼ਨ ਵਜੋਂ ਘੁਮਾਇਆ ਗਿਆ। ਔਰਤਾਂ ਦਾ ਬਲਾਤਕਾਰ, ਪ੍ਰਵਾਰਾਂ, ਬਜ਼ੁਰਗਾਂ ਦਾ ਕਤਲ, ਬੱਚਿਆਂ ਨੂੰ ਸਿਰ ਧੜ ਤੋਂ ਅਲੱਗ ਕਰਨ ਦੇ ਦ੍ਰਿਸ਼ ਰੂਹ ਕੰਬਾਊ ਹਨ ਪਰ ਸਾਨੂੰ ਸਾਰਿਆਂ ਨੂੰ ਵੇਖਣੇ ਪੈ ਰਹੇ ਹਨ। ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਹਮਾਸ ਉਤੇ ਮੋੜਵਾਂ ਹਮਲਾ ਸ਼ੁਰੂ ਕਰ ਦਿਤਾ ਹੈ ਤੇ ਹੁਣ ਲਾਸ਼ਾਂ ਦੇ ਢੇਰ ਦੋਹਾਂ ਪਾਸੇ ਬਰਾਬਰ ਲੱਗੇ ਹੋਏ ਹਨ। ਹਮਾਸ ਦੀ ਇਸ ਦਰਿੰਦਗੀ ਦੀ ਹਮਾਇਤ ਕੀਤੀ ਨਹੀਂ ਜਾ ਸਕਦੀ ਤੇ ਨਾ ਹੀ ਕਰਨੀ ਚਾਹੀਦੀ ਹੈ ਪਰ ਸਥਿਤੀ ਨੂੰ ਸਮਝਣਾ ਜ਼ਰੂਰੀ ਹੈ ਕਿਉਂਕਿ ਨਾਸਮਝੀ ਤੋਂ ਉਪਜੇ ਹਨ ਇਜ਼ਰਾਈਲ ਦੇ ਹਾਲਾਤ।

ਇਜ਼ਰਾਈਲ ਦੇ ਜਨਮ ਤੋਂ ਹੀ ਇਹ ਵਿਵਾਦ ਚਲ ਰਿਹਾ ਹੈ ਕਿਉਂਕਿ ਯਹੂਦੀਆਂ ਨੂੰ ਉਨ੍ਹਾਂ ਦੀ ਜ਼ਮੀਨ ਦੇਣ ਦਾ ਫ਼ੈਸਲਾ ਪਛਮੀ ਦੇਸ਼ਾਂ ਨੇ ਵਿਸ਼ਵ ਜੰਗ ਤੋਂ ਬਾਅਦ ਕੀਤਾ ਸੀ। ਜਿਨ੍ਹਾਂ  ਯਹੂਦੀਆਂ ਨੇ ਵੱਡਾ ਜ਼ੁਲਮ ਸਹਾਰਿਆ, ਉਨ੍ਹਾਂ ਨੂੰ ਸੁਰਖਿਅਤ ਥਾਂ ਚਾਹੀਦੀ ਸੀ ਪਰ ਵਿਵਾਦ ਸ਼ੁਰੂ ਹੀ ਉਸ ਵਕਤ ਤੋਂ ਹੋਇਆ ਕਿਉਂਕਿ ਉਹ ਜ਼ਮੀਨ ਮੁਸਲਮਾਨਾਂ ਦੀ ਧਰਤੀ ਚੋਂ ਲੈ ਕੇ ਦਿਤੀ ਗਈ ਤੇ ਉਹ ਉਸ ਸਮੇਂ ਤੋਂ ਹੀ ਲੜਦੇ ਚਲੇ ਆ ਰਹੇ ਹਨ। ਇਸ ਲੜਾਈ ਵਿਚ ਇਕ ਗੱਲ ਅੱਜ ਦੀ ਤਸਵੀਰ ਨੂੰ ਸਪੱਸ਼ਟ ਕਰਦੀ ਹੈ ਕਿ ਹਮਾਸ ਨਫ਼ਰਤ ਦੀ ਗੋਦ ਵਿਚ ਪਲੀ ਹੈ ਤੇ ਉਨ੍ਹਾਂ ਦੀ ਜ਼ੁਬਾਨ, ਦਿਲ, ਹਰ ਕਦਮ ਨਫ਼ਰਤ ਨਾਲ ਚਲਦਾ ਹੈ।

ਉਨ੍ਹਾਂ ਦੀ ਸਹਿਮਤੀ ਕਦੇ ਵੀ ਇਜ਼ਰਾਈਲ ਦੇ ਵਖਰੇ ਦੇਸ਼ ਲਈ ਨਹੀਂ ਸੀ। ਉਹ ਲੜਦੇ ਰਹੇ ਤੇ ਉਸ ਲੜਾਈ ਨਾਲ ਉਨ੍ਹਾਂ ਦਾ ਵੀ ਬਹੁਤ ਨੁਕਸਾਨ ਹੋਇਆ। 2018 ਤੋਂ ਹੁਣ ਤਕ ਗਾਜ਼ਾ ਜੋ ਕਿ ਹਮਾਸ  ਅਧੀਨ ਆਉਂਦਾ ਹੈ, ਵਿਚ  ਤਕਰੀਬਨ 33 ਹਜ਼ਾਰ ਬੱਚਾ ਮਾਰਿਆ ਜਾ ਚੁੱਕਾ ਹੈ। ਇਜ਼ਰਾਈਲ ਕੋਲ ਦੁਨੀਆਂ ਦੇ ਸੱਭ ਤੋਂ ਤੇਜ਼ ਖ਼ੁਫ਼ੀਆ ਤੇ ਆਧੁਨਿਕ ਤਕਨੀਕ ਨਾਲ ਲੈਸ ਹਥਿਆਰ ਹਨ। ਉਨ੍ਹਾਂ ਗਾਜ਼ਾ ਉਤੇ ਹਵਾਈ ਹਮਲਿਆਂ ਦਾ ਵਾਰ ਅੱਜ ਹੀ ਸ਼ੁਰੂ ਕੀਤਾ ਹੈ ਤੇ ਜੇ ਕੋਈ ਸਮਝੌਤਾ ਕਰਵਾਉਣ ਦਾ ਯਤਨ ਨਾ ਕੀਤਾ ਗਿਆ ਤਾਂ ਇਹ ਝਗੜਾ ਚਲਦਾ ਹੀ ਰਹੇਗਾ। ਗਾਜ਼ਾ ਨੂੰ ਇਜ਼ਰਾਈਲ ਨੇ ਇਕ ਖੁੱਲ੍ਹੀ ਜੇਲ੍ਹ ਵਾਂਗੂੰ ਰਖਿਆ ਹੈ ਜਿਥੇ ਮੁਢਲੀਆਂ ਸਹੂਲਤਾਂ ਵੀ ਲਭਣੀਆਂ ਮੁਸ਼ਕਲ ਹਨ। ਕਈ ਵਾਰ ਹਸਪਤਾਲ ਵਿਚ ਇਲਾਜ ਕਰਵਾਉਣ ਵਾਸਤੇ ਹਮਾਸ ਦੇ ਲੋਕਾਂ ਨੂੰ ਇਜ਼ਰਾਈਲ ਦੇ ਤਰਲੇ ਕਰਨੇ ਪੈਂਦੇ ਹਨ ਤੇ ਕਈ ਵਾਰ ਇਹ ਲੜਾਈ ਦਾ ਕਾਰਨ ਵੀ ਬਣਦੇ ਹਨ।

ਦੋਹਾਂ ਪੱਖਾਂ ਦੀ ਅਪਣੀ ਅਪਣੀ ਦਰਦਨਾਕ ਇਤਿਹਾਸਕ ਕਹਾਣੀ ਹੈ ਪਰ ਕਿਉਂਕਿ ਇਹ ਲੋਕ ਅਪਣੇ ਪੁਰਾਣੇ ਜ਼ਖ਼ਮਾਂ ਨੂੰ ਅੱਜ ਤਕ ਅਪਣੀ ਅੱਜ ਦੀ ਹਕੀਕਤ ਬਣਾਉਂਦੇ ਰਹੇ ਹਨ, ਇਹ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਭੁਲ ਕੇ ਇਕ ਦੂਜੇ ਲਈ ਦਰਿੰਦੇ ਬਣ ਗਏ ਹਨ। ਦੁਨੀਆਂ ਦੇ ਕਈ ਹਿੱਸੇ ਨਫ਼ਰਤਾਂ ਨਾਲ ਜੁੜ ਕੇ ਅਪਣੇ ਆਪ ਨੂੰ ਦਰਿੰਦਗੀ ਵਿਚ ਧਕੇਲ ਰਹੇ ਹਨ। ਅਸੀ ਇਸ ਵਾਸਤੇ ਅਰਦਾਸ ਹੀ ਕਰ ਸਕਦੇ ਹਾਂ ਤੇ ਅਪਣੇ ਆਪ ਨੂੰ ਨਫ਼ਰਤ ਦੇ ਮੈਦਾਨ ਤੋਂ ਦੂਰ ਰੱਖਣ ਦਾ ਯਤਨ ਹੀ ਕਰ ਸਕਦੇ ਹਾਂ।
-ਨਿਮਰਤ ਕੌਰ