ਪਾਕਿ ਦੇ ਝੰਗ 'ਚ ਕ੍ਰਾਈਸਟਚਰਚ ਦੇ ਮ੍ਰਿਤਕਾਂ ਨੂੰ ਦਿਤੀ ਸ਼ਰਧਾਂਜਲੀ
ਪਾਕਿਸਤਾਨੀ ਪੰਜਾਬ ਦੇ ਝੰਗ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀ ਮਸਜਿਦ 'ਚ ਹੋਏ ਹਮਲੇ ਦੇ ਪੀੜਤਾਂ ਨੂੰ ਨਿਵੇਕਲੇ ਤਰੀਕੇ ਨਾਲ ਸ਼ਰਧਾਂਜਲੀ ਦਿਤੀ ਗਈ
ਪਾਕਿਸਤਾਨੀ ਪੰਜਾਬ ਦੇ ਝੰਗ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀ ਅਲ ਨੂਰ ਮਸਜਿਦ ਵਿਚ ਹੋਏ ਹਮਲੇ ਦੇ ਪੀੜਤਾਂ ਨੂੰ ਨਿਵੇਕਲੇ ਤਰੀਕੇ ਨਾਲ ਸ਼ਰਧਾਂਜਲੀ ਦਿਤੀ ਗਈ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਚਿੱਟੇ ਕੱਪੜੇ ਪਹਿਨ ਕੇ ਆਏ ਲੋਕਾਂ ਨੇ ਅਲ ਨੂਰ ਮਸਜਿਦ ਦੀ ਮਨੁੱਖੀ ਲੜੀ ਨਾਲ ਛਵ੍ਹੀ ਬਣਾਈ ਅਤੇ ਨਾਲ ਹੀ ''ਇਸਲਾਮ ਇਜ਼ ਪੀਸ'' ਲਿਖ ਕੇ ਇਹ ਸੰਦੇਸ਼ ਦਿਤਾ ਕਿ ਇਸਲਾਮ ਸ਼ਾਂਤੀ ਦਾ ਪ੍ਰਤੀਕ ਹੈ।
ਇਸ ਮੌਕੇ ਨਿਊਜ਼ੀਲੈਂਡ ਅਤੇ ਪਾਕਿਸਤਾਨ ਦੇ ਵਿਸ਼ਾਲ ਝੰਡੇ ਵੀ ਵਿਸ਼ਾਲ ਬੈਨਰ ਦੇ ਨਾਲ ਪ੍ਰਦਰਸ਼ਿਤ ਕੀਤੇ ਗਏ, ਜਿਸ ਵਿਚ ਲਿਖਿਆ ਸੀ ''ਪਾਕਿਸਤਾਨ ਵਲੋਂ ਕ੍ਰਾਈਸਟਚਰਚ ਦੇ ਸ਼ਹੀਦਾਂ ਦੇ ਨਾਲ ਇਕਜੁੱਟਤਾ।'' ਇਸ ਸ਼ਰਧਾਂਜਲੀ ਸਮਾਰੋਹ ਦਾ ਪ੍ਰਬੰਧ ਇਕ ਇਕ ਗ਼ੈਰ ਸਰਕਾਰੀ ਸੰਗਠਨ ਮੁਸਲਿਮ ਸੰਸਥਾ ਵਲੋਂ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਸ਼ਾਂਤੀ ਅਤੇ ਸਥਿਰਤਾ ਨੂੰ ਬੜ੍ਹਾਵਾ ਦੇਣਾ ਹੈ।
ਦਸ ਦਈਏ ਕਿ ਕਰੀਬ ਚਾਰ ਹਫ਼ਤੇ ਪਹਿਲਾਂ 15 ਮਾਰਚ ਨੂੰ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀ ਇਕ ਮਸਜਿਦ ਵਿਚ ਇਕ ਆਸਟ੍ਰੇਲੀਅਨ ਹਮਲਾਵਰ ਨੇ ਗੋਲੀਆਂ ਮਾਰ ਕੇ 50 ਲੋਕਾਂ ਦੀ ਹੱਤਿਆ ਕਰ ਦਿਤੀ ਸੀ, ਜਿਨ੍ਹਾਂ ਵਿਚੋਂ 9 ਪਾਕਿਸਤਾਨੀ ਮੂਲ ਦੇ ਲੋਕ ਸਨ।