ਨਿਊਜ਼ੀਲੈਂਡ 'ਚ ਲਾਂਚ ਹੋ ਰਹੀ ਵਿਸ਼ਵ ਦੀ ਪਹਿਲੀ ਇਲੈਕਟ੍ਰਿਕ 'ਟੱਗਬੋਟ' ਦੇ ਨਾਂ ਲਈ ਵੋਟਾਂ ਸ਼ੁਰੂ
ਭਾਰਤੀ ਜਨਰਲ ਮੈਨੇਜਰ ਐਲਿਨ ਡਿਸੂਜ਼ਾ ਦੀ ਵੀ ਹੈ ਬੱਲੇ-ਬੱਲੇ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਵਿਕਸਤ ਸਰਕਾਰਾਂ ਜਦੋਂ ਕਿਤੇ ਨਵੇਂ ਪ੍ਰਾਜੈਕਟ ਉਤੇ ਕੰਮ ਕਰਦੀਆਂ ਹਨ ਤਾਂ ਉਸ ਦੀ ਸਫਲਤਾ ਦੇ ਵਿਚ ਲੋਕਾਂ ਨੂੰ ਵੀ ਸ਼ਾਮਲ ਕਰਨ ਲਈ ਬਹੁਤ ਵਧੀਆ ਵਸੀਲੇ ਲੱਭ ਲੈਂਦੀਆਂ ਹਨ। ਕਈ ਵਾਰ ਨਵੀਂ ਇਜਾਦ ਕੀਤੀ ਗਈ ਮਸ਼ੀਨ ਦੇ ਨਾਂ ਜਾਂ ਉਸਦੇ ਨਾਮਕਰਣ ਨੂੰ ਲੈ ਕੇ ਵੱਡੀ ਕਹਾਣੀ ਹੁੰਦੀ ਹੈ।
ਕਈ ਦੇਸ਼ਾਂ ਦੇ ਵਿਚ ਇਸ ਨੂੰ ਹੋਰ ਵੀ ਰੌਚਿਕ ਬਣਾ ਲਿਆ ਜਾਂਦਾ ਹੈ। ਹੁਣ ਨਿਊਜ਼ੀਲੈਂਡ ਦੇ ਸ਼ਹਿਰ ਔਕਲੈਂਡ ਦੀ ਸਮੁੰਦਰੀ ਬੰਦਰਗਾਹ ਉਤੇ ਵਿਸ਼ਵ ਦੀ ਪਹਿਲੀ ਬਿਜਲਈ 'ਟੱਗਬੋਟ' (ਜੋ ਕਿ ਵੱਡੇ ਸਮੁੰਦਰੀ ਜਹਾਜ਼ਾਂ ਨੂੰ ਖਿੱਚਣ ਲਈ ਕੰਮ ਆਉਂਦੀ ਹੈ) ਦੇ ਨਾਮਕਰਣ ਨੂੰ ਲੈ ਕੇ ਆਖਰੀ ਗੇੜ ਦੀਆਂ ਵੋਟਾਂ ਪੈ ਰਹੀਆਂ ਹਨ।
ਪਹਿਲੇ ਗੇੜ ਦੇ ਵਿਚ ਆਲੀਸ਼ਾਨ ਲਗਣ ਵਾਲੀ ਟੱਗਬੋਟ ਲਈ ਹਜ਼ਾਰਾਂ ਨਾਂ ਸੁਝਾਏ ਗਏ ਫਿਰ ਹੌਲੀ -ਹੌਲੀ ਛਾਂਟੀ ਹੁੰਦੀ-ਹੁੰਦੀ ਹੁਣ ਚਾਰ ਨਾਂ ਅਖੀਰ ਵਿਚ ਰਹਿ ਗਏ ਹਨ ਜਿਸ ਦੇ ਵਿਚੋਂ ਹੁਣ ਵੋਟਾਂ ਰਾਹੀਂ ਇਕ ਨਾਂ ਚੁਣਿਆ ਜਾਣਾ ਹੈ। ਕਈਆਂ ਨੇ ਕੋਰੋਨਾ ਉਤੇ ਬੜੇ ਤਰੀਕੇ ਨਾਲ ਕਾਬੂ ਪਾਉਣ ਵਾਲੇ ਸਿਹਤ ਡਾਇਰੈਕਟਰ ਡਾ. ਐਸ਼ਲੇ ਬਲੂਮਫੀਲਡ ਦਾ ਨਾਂ ਲਿਖ ਭੇਜਿਆ, ਕਿਸੇ ਨੇ 'ਇਲੈਟ੍ਰਿਕ ਡਿਸਕੋ ਬਿਸਕੁ, ਕਿਸੇ ਨੇ 'ਦਾ ਫਾਈਟਿੰਗ ਕੂਈਨ ਆਫ ਕੋਵਿਡ' ਅਤੇ ਕਿਸੇ ਨੇ 'ਟੱਗੀ ਟੱਗਫੇਸ' ਆਦਿ ਨਾਂ ਸੁਝਾਏ।
ਪਰ ਹੁਣ ਅਖੀਰ ਦੇ ਵਿਚ ਚਾਰ ਨਾਂ ਰਹਿ ਗਏ ਹਨ ਜਿਨ੍ਹਾਂ ਵਿਚ ਪਹਿਲਾ ਹੈ 'ਅਰਾਹੀ'-ਮਾਓਰੀ ਭਾਸ਼ਾ ਵਿਚ ਇਸਦਾ ਮਤਲਬ ਹੈ ਮੋਹਰੀ, ਮਾਰਗ ਰਖਵਾਲਾ, ਸੰਚਾਲਨ ਅਤੇ ਤੋਰਨਾ। ਦੂਜਾ ਨਾਂ ਹੈ 'ਈ. ਟੀ.' ਮਤਲਬ ਕਿ ਇਲੈਕਟ੍ਰਿਕ ਟੱਗ (ਬਿਜਲਈ ਬੋਟ), ਤੀਜਾ ਹੈ 'ਹਿਕੋ' ਮਾਓਰੀ ਭਾਸ਼ਾ ਵਿਚ ਜਿਸਦਾ ਮਤਲਬ ਹੈ ਬਿਜਲਈ ਸ਼ਕਤੀ, ਇਲੈਕਟ੍ਰੋਨਿਕ, ਇਲੈਕਟ੍ਰਿਕ ਅਤੇ ਲਾਈਟਿੰਗ।
ਚੌਥਾ ਨਾਂ ਆਇਆ ਹੈ 'ਸਪਾਰਕੀ' ਜਿਸਦਾ ਮਤਲਬ ਹੈ ਛੋਟਾ ਜਿਹਾ ਚੰਗਿਆੜਾ। ਸੋ ਹੁਣ ਲੋਕਾਂ ਨੇ 14 ਜੂਨ ਤਕ ਵੋਟਾਂ ਪਾ ਕੇ ਦੱਸਣਾ ਹੈ ਕਿ ਉਨ੍ਹਾਂ ਨੂੰ ਕਿਹੜਾ ਨਾਂ ਜਿਆਦਾ ਪ੍ਰਭਾਵਸ਼ਾਲੀ ਅਤੇ ਵਿਸ਼ਵ ਦੀ ਇਸ ਪਹਿਲੀ ਬਿਜਲਈ 'ਟੱਗਬਾਰ' ਉਤੇ ਖਰਾ ਉਤਰਦਾ ਹੈ। ਸੋ ਗੋਰਿਆਂ ਦੀਆਂ ਵੀ ਕਿਆ ਬਾਤਾਂ ਨਾਂ ਰਖਣ ਲਈ ਵੀ ਲੋਕਾਂ ਦੀ ਸਹਿਮਤੀ ਲਈ ਪੂਰਾ ਸਮਾਂ ਦਿਤਾ ਜਾ ਰਿਹੈ। ਦੇਸ਼ ਦੇ ਕਲਾਈਮੇਟ ਮੰਤਰੀ ਜੇਮਸ ਸ਼ਾਅ ਅਤੇ ਔਕਲੈਂਡ ਦੇ ਮੇਅਰ ਫਿਲ ਗੌਫ ਇਸ ਪ੍ਰਾਪਤੀ ਉਤੇ ਕਾਫੀ ਖੁਸ਼ ਹਨ। ਇਹ ਟੱਗਬੋਟ ਡੀਜ਼ਲ ਦੇ ਮੁਕਾਬਲੇ ਕਾਫੀ ਸਸਤੀ ਪਵੇਗੀ।
ਮੁੰਬਈ ਤੋਂ 2000 ਵਿਚ ਇਥੇ ਆਏ ਐਲਿਨ ਡਿਸੂਜਾ ਇਸ ਵੇਲੇ ਮਰੀਨ, ਇੰਜੀਨੀਅਰਿੰਗ ਅਤੇ ਜਨਰਲ ਵੌਰਫ਼ ਆਪ੍ਰੇਸ਼ਨ ਦੇ ਜਨਰਲ ਮੈਨੇਜਰ ਹਨ। ਉਨ੍ਹਾਂ ਨੂੰ ਮੈਰੀਨ ਉਦਯੋਗ ਅਤੇ ਪੱਤਣ ਦਾ 30 ਸਾਲ ਤੋਂ ਉਪਰ ਦਾ ਤਜ਼ਰਬਾ ਹੈ। ਉਹ 28 ਸਾਲ ਦੀ ਉਮਰ ਤੋਂ ਸਮੁੰਦਰੀ ਜਹਾਜ਼ਾਂ ਦੀ ਕਪਤਾਨੀ ਕਰ ਰਹੇ ਹਨ। ਭਾਰਤੀਆਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਨਿਊਜ਼ੀਲੈਂਡ ਦੇ ਵੱਡੇ ਉਦਯੋਗਾਂ ਦੇ ਵਿਚ ਭਾਰਤੀਆਂ ਦੀ ਮੁੱਖ ਭੂਮਿਕਾ ਹੈ। ਐਲਿਨ ਡਿਸੂਜ਼ਾ ਦੀ ਇਸ ਵੇਲੇ ਪੂਰੀ ਬੱਲੇ-ਬੱਲੇ ਹੈ। 'ਟੱਗਬੋਟ' ਦੇ ਨਾਮਕਰਣ ਲਈ ਤੁਸੀਂ ਵੀ ਆਪਣੀ ਵੋਟ ਅੱਗੇ ਲਿਖੇ ਵੈਬਲਿੰਕ ਉਤੇ ਪਾ ਸਕਦੇ ਹੋ।