ਭਾਰਤ ਛੱਡਣ ਤੋਂ ਪਹਿਲਾਂ ਅਰੁਣ ਜੇਤਲੀ ਨੂੰ ਮਿਲਿਆ ਸੀ : ਵਿਜੈ ਮਾਲਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਮਾਲਿਆ ਦੇ ਬਿਆਨ ਮਗਰੋਂ ਆਇਆ ਰਾਜਨੀਤਕ ਭੂਚਾਲ...........

Vijay Mallya

ਲੰਦਨ/ਨਵੀਂ ਦਿੱਲੀ : ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਬੁਧਵਾਰ ਨੂੰ ਲੰਦਨ ਦੀ ਅਦਾਲਤ 'ਚ ਇਹ ਬਿਆਨ ਦੇ ਕੇ ਸਿਆਸੀ ਭੂਚਾਲ ਲਿਆ ਦਿਤਾ ਹੈ ਕਿ ਉਹ ਭਾਰਤ ਤੋਂ ਰਵਾਨਾ ਹੋਣ ਤੋਂ ਪਹਿਲਾਂ ਵਿੱਤ ਮੰਤਰੀ ਨੂੰ ਮਿਲਿਆ ਸੀ। ਧੋਖਾਧੜੀ ਅਤੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ 62 ਸਾਲਾਂ ਦਾ ਵਿਜੈ ਮਾਲਿਆ ਅਪਣੀ ਸਪੁਰਦਗੀ ਦੇ ਇਕ ਮਾਮਲੇ 'ਚ ਅਦਾਲਤ ਪੁਜਿਆ ਸੀ। ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ੇ ਦਾ ਭੁਗਤਾਨ ਨਾ ਕਰਨ ਵਾਲੇ ਮਾਲਿਆ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਨੇ ਜਿੱਥੇ ਇਸ ਪੂਰੇ ਮਾਮਲੇ 'ਤੇ 'ਵਿਆਪਕ ਸਪੱਸ਼ਟੀਕਰਨ ਅਤੇ ਹੋਰ ਜਾਂਚ' ਦੀ ਜ਼ਰੂਰਤ ਦੱਸੀ ਹੈ,

ਉਥੇ ਕੇਂਦਰ ਸਰਕਾਰ ਨੂੰ ਵਿੱਤ ਮੰਤਰੀ ਜੇਤਲੀ ਨਾਲ ਮਾਲਿਆ ਦੀਆਂ ਮੁਲਾਕਾਤਾਂ ਦਾ ਵੇਰਵਾ ਦੇਣ ਨੂੰ ਕਿਹਾ ਹੈ। ਜੇਤਲੀ ਨੇ ਖ਼ੁਦ ਮਾਲਿਆ ਦੇ ਬਿਆਨ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ 2014 ਤੋਂ ਬਾਅਦ ਕਦੀ ਮਾਲਿਆ ਨੂੰ ਮਿਲਣ ਦਾ ਸਮਾਂ ਨਹੀਂ ਦਿਤਾ। ਜੇਤਲੀ ਨੇ ਕਿਹਾ ਕਿ ਮਾਲਿਆ ਰਾਜ ਸਭਾ ਸੰਸਦ ਮੈਂਬਰ ਹੋਣ ਦੇ ਨਾਤੇ ਮਿਲੇ ਵਿਸ਼ੇਸ਼ ਅਧਿਕਾਰ ਦਾ ਦੁਰਉਪਯੋਗ ਕਰਦਿਆਂ ਸੰਸਦ ਭਵਨ ਦੇ ਗਲਿਆਰੇ 'ਚ ਉਨ੍ਹਾਂ ਕੋਲ ਆ ਗਏ ਸਨ। ਅਪਣੀ ਫ਼ੇਸਬੁਕ ਪੋਸਟ 'ਚ ਜੇਤਲੀ ਨੇ ਲਿਖਿਆ ਕਿ ਉਹ ਉਸ ਵੇਲੇ ਅਪਣੇ ਕਮਰੇ 'ਚ ਜਾਣ ਲਈ ਸਦਨ ਤੋਂ ਬਾਹਰ ਜਾ ਰਹੇ ਸਨ। 

ਲੰਦਨ 'ਚ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਹੋਣ ਲਈ ਪੁੱਜੇ ਮਾਲਿਆ ਨੇ ਪੱਤਰਕਾਰਾਂ ਨੂੰ ਦਸਿਆ ਕਿ ਉਸ ਨੇ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਅਤੇ ਬੈਂਕਾਂ ਨਾਲ ਮਾਮਲੇ ਦਾ ਨਿਪਟਾਰਾ ਕਰਨ ਦੀ ਪੇਸ਼ਕਸ਼ ਕੀਤੀ ਸੀ। ਮਾਲਿਆ ਨੇ ਮੰਤਰੀ ਦਾ ਨਾਂ ਲਏ ਬਗ਼ੈਰ ਕਿਹਾ, ''ਮੈਂ ਭਾਰਤ ਤੋਂ ਰਵਾਨਾ ਹੋਇਆ ਕਿਉਂਕਿ ਮੇਰੀ ਜੀਨੇਵਾ 'ਚ ਇਕ ਮੁਲਾਕਾਤ ਦਾ ਪ੍ਰੋਗਰਾਮ ਸੀ। ਰਵਾਨਾ ਹੋਣ ਤੋਂ ਪਹਿਲਾਂ ਮੈਂ ਵਿੱਤ ਮੰਤਰੀ ਨੂੰ ਮਿਲਿਆ ਸੀ ਅਤੇ ਨਿਪਟਾਰੇ (ਬੈਂਕਾਂ ਨਾਲ ਮੁੱਦੇ) ਦੀ ਪੇਸ਼ਕਸ਼ ਕੀਤੀ ਸੀ।'' ਜ਼ਿਕਰਯੋਗ ਹੈ ਕਿ ਮਾਲਿਆ ਜਦੋਂ ਭਾਰਤ ਤੋਂ ਭੱਜਿਆ ਸੀ ਉਸ ਵੇਲੇ ਅਰੁਣ ਜੇਤਲੀ ਹੀ ਵਿੱਤ ਮੰਤਰੀ ਸਨ।

ਕਾਂਗਰਸ ਨੇ ਮਾਲਿਆ ਦਾ ਇਹ ਬਿਆਨ ਤੋਂ ਤੁਰਤ ਬਾਅਦ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਮਾਲਿਆ ਦੀ ਇਹ ਟਿਪਣੀ ਉਨ੍ਹਾਂ ਦੇ ਇਸ ਦਾਅਵੇ ਦੀ ਪੁਸ਼ਟੀ ਕਰਦੀ ਹੈ ਕਿ ਮਾਲਿਆ ਅਤੇ ਹੋਰਾਂ ਦੇ ਦੇਸ਼ ਛੱਡ ਕੇ ਭੱਜਣ 'ਚ ਸਰਕਾਰ ਦੀ ਪੂਰੀ ਮਿਲੀਭੁਗਤ ਸੀ। ਪਾਰਟੀ ਦੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਨੇ ਇਹ ਸਵਾਲ ਵੀ ਕੀਤਾ ਕਿ ਮਾਲਿਆ ਬਾਰੇ ਸਾਰਾ ਕੁੱਝ ਪਤਾ ਹੋਣ ਦੇ ਬਾਵਜੂਦ ਉਸ ਨੂੰ ਦੇਸ਼ ਤੋਂ ਬਾਹਰ ਕਿਉਂ ਜਾਣ ਦਿਤਾ ਗਿਆ? ਕਾਂਗਰਸ ਨੇ ਕਿਹਾ ਕਿ ਸਰਕਾਰ ਨੂੰ ਦਸਣਾ ਹੋਵੇਗਾ ਕਿ ਵਿਜੈ ਮਾਲਿਆ ਨੂੰ ਭਾਰਤ ਤੋਂ ਜਾਣ ਕਿਸ ਤਰ੍ਹਾਂ ਦਿਤਾ ਗਿਆ।

ਕਾਂਗਰਸ ਨੇ ਮੋਦੀ ਸਰਕਾਰ ਤੋਂ ਵਿੱਤ ਮੰਤਰੀ ਨਾਲ ਮਾਲਿਆ ਦੀਆਂ ਮੁਲਾਕਾਤਾਂ ਦਾ ਵੇਰਵਾ ਵੀ ਮੰਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਵਿਜੈ ਮਾਲਿਆ ਦੇ ਪ੍ਰਗਟਾਵੇ ਤੋਂ ਹੈਰਾਨ ਹਨ ਕਿ ਵਿੱਤ ਮੰਤਰੀ ਨੇ ਅਜੇ ਤਕ ਇਹ ਸੂਚਨਾ ਲੁਕਾਈ ਕਿਉਂ ਰੱਖੀ? ਉਨ੍ਹਾਂ ਕਈ ਟਵੀਟ ਕਰ ਕੇ ਕਿਹਾ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਨੀਰਵ ਮੋਦੀ ਦੇ ਦੇਸ਼ ਛੱਡ ਕੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਮਿਲਦੇ ਹਨ। ਵਿਜੈ ਮਾਲਿਆ ਦੇਸ਼ ਛੱਡ ਕੇ ਜਾਣ ਤੋਂ ਪਹਿਲਾਂ ਵਿੱਤ ਮੰਤਰੀ ਨੂੰ ਮਿਲਦੇ ਹਨ। ਇਨ੍ਹਾਂ ਬੈਠਕਾਂ 'ਚ ਕੀ ਪਕਾਇਆ ਜਾ ਰਿਹਾ ਸੀ? ਜਨਤਾ ਸੱਭ ਜਾਣਨਾ ਚਾਹੁੰਦੀ ਹੈ।''

ਜੇਤਲੀ ਨੇ ਅਪਣੀ ਪੋਸਟ 'ਚ ਲਿਖਿਆ, ''ਚਲਦੇ ਚਲਦੇ ਮਾਲਿਆ ਨੇ ਇਕ ਵਾਕ ਕਿਹਾ ਕਿ 'ਮੈਂ (ਮਾਲਿਆ) ਇਕ ਨਿਪਟਾਰੇ ਦੀ ਪੇਸ਼ਕਸ਼ ਕਰ ਰਿਹਾ ਹਾਂ...' ਪਰ ਮੈਂ ਉਸ ਨੂੰ ਗੱਲ ਅੱਗੇ ਨਹੀਂ ਵਧਾਉਣ ਦਿਤੀ। ਮੈਂ ਬੜੇ ਹੀ ਪਿਆਰ ਨਾਲ ਉਸ ਨੂੰ ਕਿਹਾ ਕਿ ਮੇਰੇ ਨਾਲ ਗੱਲ ਕਰਨ ਦਾ ਕੋਈ ਫ਼ਾਇਦਾ ਨਹੀਂ ਅਤੇ ਉਸ ਨੂੰ ਬੈਂਕਰਾ ਕੋਲ ਅਪਣੀ ਪੇਸ਼ਕਸ਼ ਕਰਨੀ ਚਾਹੀਦੀ ਹੈ।''

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮਾਲਿਆ ਕੋਲੋਂ ਉਸ ਦੇ ਹੱਥ 'ਚ ਮੌਜੂਦ ਕਾਗ਼ਜ਼ ਵੀ ਨਹੀਂ ਲਏ। ਮਾਲਿਆ ਪਿਛਲੇ ਸਾਲ ਅਪ੍ਰੈਲ 'ਚ ਗ੍ਰਿਫ਼ਤਾਰੀ ਤੋਂ ਬਾਅਦ ਤੋਂ ਇਕ ਸਪੁਰਦਗੀ ਵਾਰੰਟ 'ਤੇ ਜ਼ਮਾਨਤ 'ਤੇ ਹੈ। ਉਹ 9 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਅਤੇ ਮਨੀ ਲਾਡਰਿੰਗ ਦੇ ਦੋਸ਼ਾਂ ਨੂੰ ਲੈ ਕੇ ਭਾਰਤ ਸਪੁਰਦਗੀ ਕੀਤੇ ਜਾਣ ਦਾ ਇਕ ਮੁਕੱਦਮਾ ਲੜ ਰਿਹਾ ਹੈ।   (ਪੀਟੀਆਈ)