ਪਾਕਿ ਸਰਕਾਰ ਨੇ ਪਾਕਿਸਤਾਨ ਦੇ ਸਿੱਖਾਂ ਦੀ ਨੁਮਾਇੰਦਗੀ ਲਈ ਨਵੀਂ ਕਮੇਟੀ ਦੇ ਗਠਨ ਦਾ ਕੀਤਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਤੋਂ ਐਨ ਪਹਿਲਾਂ ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਦੇ ਸਿੱਖਾਂ ਦੀ ਨੁਮਾਇੰਦਗੀ ਲਈ ਨਵੀਂ ਕਮੇਟੀ ਦਾ ਗਠਨ ਕਰਨ ਦਾ ਐਲਾਨ ਕੀਤਾ ਹੈ।

New Members of PSGPC

ਅੰਮ੍ਰਿਤਸਰ (ਚਰਨਜੀਤ ਸਿੰਘ): ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਤੋਂ ਐਨ ਪਹਿਲਾਂ ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਦੇ ਸਿੱਖਾਂ ਦੀ ਨੁਮਾਇੰਦਗੀ ਲਈ ਨਵੀਂ ਕਮੇਟੀ ਦਾ ਗਠਨ ਕਰਨ ਦਾ ਐਲਾਨ ਕੀਤਾ ਹੈ। ਪਾਕਿਸਤਾਨ ਸਰਕਾਰ ਨੇ ਦੇਰ ਰਾਤ ਨੂੰ ਇਕ ਆਰਡੀਨੈਂਸ ਜਾਰੀ ਕਰ ਕੇ ਨਵੀਂ ਕਮੇਟੀ ਦਾ ਗਠਨ ਕਰਨ ਦਾ ਐਲਾਨ ਕੀਤਾ ਹੈ। ਪਾਕਿਸਤਾਨ ਸਰਕਾਰ ਦੇ ਧਾਰਮਕ ਮਾਮਲਿਆਂ ਬਾਰੇ ਮੰਤਰਾਲੇ ਨੇ ਪੱਤਰ ਨੰਬਰ 6(3)97-ਪੀ –1 ਜਾਰੀ ਕਰਦਿਆਂ ਦਸਿਆ ਕਿ ਪਾਕਿਸਤਾਨ ਦੀ ਕੇਂਦਰੀ ਵਜ਼ਾਰਤ ਨੇ ਪਾਕਿ ਸਿੱਖ ਗੁਰਦਵਾਰਾ ਪ੍ਰੰਬਧਕ ਕਮੇਟੀ ਦੀ 10 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।

ਇਸ ਕਮੇਟੀ ਵਿਚ ਪੰਜਾਬ ਤੋਂ 4 ਮੈਬਰ ਰਵਿੰਦਰ ਸਿੰਘ, ਇੰੰਦਰਜੀਤ ਸਿੰਘ, ਡਾਕਟਰ ਮੀਮਪਾਲ ਸਿੰਘ ਅਤੇ ਅਮੀਰ ਸਿੰਘ, ਖ਼ੈਬਰ ਵ ਪਖ਼ਤੂਨ ਤੋਂ ਬਾਬਾ ਹਰਮੀਤ ਸਿੰਘ, ਸਰਬਤ ਸਿੰਘ, ਸਤਵੰਤ ਸਿੰਘ, ਸਿੰਧ ਤੋਂ ਡਾਕਟਰ ਸਾਗਰਜੀਤ ਸਿੰਘ, ਸਰਦਾਰ ਵਿਕਾਸ ਸਿੰਘ ਖ਼ਾਲਸਾ ਅਤੇ ਬਲੋਚਿਸਤਾਨ ਤੋਂ ਸਾਗਰ ਸਿੰਘ ਨੂੰ ਨਾਮਜ਼ਦ ਕੀਤਾ ਹੈ ਜਦਕਿ ਲੰਮੇ ਸਮੇ ਤੋਂ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਪ੍ਰਧਾਨ ਰਹੇ ਬਿਸ਼ਨ ਸਿੰਘ, ਤਾਰਾ ਸਿੰਘ ਅਤੇ ਗੋਪਾਲ ਸਿੰਘ ਚਾਵਲਾ ਨੂੰ ਇਸ ਕਮੇਟੀ ਵਿਚ ਥਾਂ ਨਹੀਂ ਦਿਤੀ ਗਈ। 

ਉਧਰ ਪਾਕਿਸਤਾਨ ਦੇ ਸਿੱਖਾਂ ਵਿਚ ਚਰਚਾ ਹੈ ਕਿ ਨਵੀਂ ਕਮੇਟੀ ਦਾ ਗਠਨ ਭਾਰਤ ਦੇ ਦਬਾਅ ਹੇਠ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਨੇ ਪਾਕਿਸਤਾਨ ਸਰਕਾਰ ਨੂੰ ਸਪਸ਼ਟ ਕਿਹਾ ਸੀ ਕਿ ਜਿਸ ਕਮੇਟੀ ਵਿਚ ਸਾਬਕਾ ਪ੍ਰਧਾਨ ਸ. ਬਿਸ਼ਨ ਸਿੰਘ ਅਤੇ ਪੰਜਾਬੀ ਸਿੱਖ ਸੰਗਤ ਦੇ ਪ੍ਰਧਾਨ ਗੋਪਾਲ ਸਿੰਘ ਚਾਵਲਾ ਹੋਣਗੇ ਉਸ ਕਮੇਟੀ ਨੂੰ ਕੋਈ ਮਾਨਤਾ ਨਹੀਂ ਦਿਤੀ ਜਾਵੇਗੀ ਤੇ ਅਜਿਹਾ ਕਰਨ ਨਾਲ ਕਰਤਾਰਪੁਰ ਲਾਂਘੇ ਦਾ ਕੰਮ ਵੀ ਪ੍ਰਭਾਵਤ ਹੋਵੇਗਾ।