ਅਮਰੀਕਾ ਵਿਚ ਸਿੱਖਾਂ ਨੂੰ ਮਿਲਿਆ ਇਕ ਵੱਡਾ ਤੋਹਫ਼ਾ, ਪੜ੍ਹੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ ਰਹਿੰਦੇ ਸਿੱਖ ਪਿਛਲੇ ਦੋ ਦਹਾਕਿਆਂ ਤੋਂ ਵੱਖਰੀ ਕੋਡਿੰਗ ਦੀ ਵਕਾਲਤ ਕਰ ਰਹੇ ਸਨ

File Photo

ਚੰਡੀਗੜ੍ਹ : ਅਮਰੀਕਾ ਵਿਚ ਰਹਿੰਦੇ ਸਿੱਖਾਂ ਨੂੰ ਟਰੰਪ ਸਰਕਾਰ ਨੇ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਦਰਅਸਲ ਉੱਥੇ ਰਹਿੰਦੇ ਸਿੱਖਾਂ ਦੀ 20 ਸਾਲ ਪੁਰਾਣੀ, ਵੱਖਰੇ ਜਾਤੀ ਸਮੂਹ ਦੀ ਮੰਗ ਪੂਰੀ ਹੋ ਗਈ ਹੈ ਜਿਸ ਕਰਕੇ ਅਮਰੀਕਾ ਵਿਚ ਹੋਣ ਵਾਲੀ ਮਰਦਸ਼ੁਮਾਰੀ ਵਿਚ ਘੱਟ ਗਿਣਤੀ ਸਮੂਹ ਦੇ ਵੱਖਰੇ ਤੌਰ 'ਤੇ ਸਿੱਖਾਂ ਦੀ ਗਿਣਤੀ ਕੀਤੀ ਜਾਵੇਗੀ।

ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਹੁੰਦੀ ਮਰਦਸ਼ੁਮਾਰੀ ਵਿਚ ਸਿੱਖਾਂ ਨੂੰ ਜਾਂ ਤਾਂ ਏਸ਼ੀਅਨ ਜਾਂ ਫਿਰ ਹਿੰਦੂ ਮੰਨਿਆ ਜਾਂਦਾ ਸੀ ਪਰ ਸਿੱਖਾਂ ਦੇ 20 ਸਾਲ ਲੰਬੇ ਚੱਲੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਨਾਮ ਵੱਖਰੇ ਜਾਤੀ ਸਮੂਹ ਵਿਚ ਦਰਜ ਕਰਵਾਉਣ ਦੀ ਸਫਲਤਾ ਹਾਸਲ ਹੋਈ ਹੈ। ਇਸ ਫੈਸਲੇ ਨੂੰ ਯੂਨਾਈਟਿਡ ਸਿੱਖ ਸੰਗਠਨ ਨੇ ਮੀਲ ਦਾ ਪੱਥਰ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਪਹਿਲੀ ਵਾਰੀ ਹੋਵੇਗਾ ਕਿ ਅਮਰੀਕੀ ਮਰਦਸ਼ੁਮਾਰੀ ਵਿਚ ਘੱਟ ਗਿਣਤੀ ਸਮੂਹ ਦੇ ਵੱਖਰੇ ਤੌਰ 'ਤੇ ਸਿੱਖਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਵੱਖਰਾ ਕੋਡ ਮਿਲੇਗਾ।

ਯੂਨਾਈਟਿਡ ਸਿੱਖ ਅਨੁਸਾਰ ਅਮਰੀਕਾ ਵਿਚ ਸਿੱਖਾਂ ਦੀ ਗਿਣਤੀ ਲਗਭਗ 10 ਲੱਖ ਹੈ।ਯੂਨਾਈਟਿਡ ਸਿੱਖ ਦੇ ਨੁਮਾਇੰਦਿਆ ਦਾ ਅਮਰੀਕੀ ਮਰਦਸ਼ੁਮਾਰੀ ਵਿਭਾਗ ਦੇ ਨਾਲ ਇਸ ਸਬੰਧ ਵਿਚ ਕਈ ਵਾਰ ਬੈਠਕਾਂ ਵੀ ਹੋਈਆਂ ਸਨ ਅਤੇ ਤਾਜਾ ਬੈਠਕ 6 ਜਨਵਰੀ ਨੂੰ ਸੈਨ ਡਿਆਗੋ ਵਿਚ ਹੋਈ ਸੀ।

ਅਮਰੀਕੀ ਮੁਰਦਸ਼ੁਮਾਰੀ ਦੇ ਡਿਪਟੀ ਡਾਇਰੈਕਟਰ ਰੋਨ ਜਰਮਿਨ ਨੇ ਕਿਹਾ ਸਪੱਸ਼ਟ ਤੌਰ ਤੇ ਕਿਹਾ ਹੈ ਕਿ ਅਮਰੀਕਾ ਵਿਚ ਸਿੱਖਾਂ ਦੀ ਸਹੀ ਗਿਣਤੀ ਲਈ ਇਕ ਵੱਖਰੇ ਕੋਡ ਦੀ ਲੋੜ ਹੋਵੇਗੀ। ਦੱਸ ਦਈਏ ਕਿ ਅਮਰੀਕਾ ਵਿਚ ਰਹਿੰਦੇ ਸਿੱਖ ਪਿਛਲੇ ਦੋ ਦਹਾਕਿਆਂ ਤੋਂ ਵੱਖਰੀ ਕੋਡਿੰਗ ਦੀ ਵਕਾਲਤ ਕਰ ਰਹੇ ਸਨ।