ਬੋਇੰਗ ਨੇ 737 ਮੈਕਸ ਜਹਾਜ਼ਾਂ ਦੀ ਸਪਲਾਈ ਰੋਕੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਥੋਪੀਆ ਵਿਚ ਵਾਪਰੇ ਜਹਾਜ਼ ਹਾਦਸੇ 'ਚ 157 ਲੋਕਾਂ ਦੀ ਹੋਈ ਸੀ ਮੌਤ

Boeing 787 Max

ਵਾਸ਼ਿੰਗਟਨ : ਇਥੋਪੀਆ ਵਿਚ ਜਹਾਜ਼ ਹਾਦਸਾ ਹੋਣ ਤੋਂ ਬਾਅਦ ਜਹਾਜ਼ ਬਣਾਉਣ ਵਾਲੀ ਕੰਪਨੀ ਬੋਇੰਗ ਨੇ ਅਪਣੇ ਸਭ ਤੋਂ ਜ਼ਿਆਦਾ ਵਿਕਣ ਵਾਲੇ 737 ਮੈਕਸ ਜਹਾਜ਼ ਦੀ ਸਪਲਾਈ ਨੂੰ ਫ਼ਿਲਹਾਲ ਰੋਕ ਦਿਤਾ ਹੈ। ਇਥੋਪਿਆਈ ਏਅਰਲਾਈਨਜ਼ ਦੇ ਹਾਦਸਾਗ੍ਰਸਤ ਹੋਏ ਜਹਾਜ਼ ਦਾ ਬਲੈਕ ਬਾਕਸ ਮਿਲਣ ਤੋਂ ਬਾਅਦ ਕੰਪਨੀ ਨੇ ਇਹ ਕਾਰਵਾਈ ਕੀਤੀ ਹੈ। 

ਇਸ ਹਾਦਸੇ ਵਿਚ ਜਹਾਜ਼ 'ਚ ਸਵਾਰ ਸਾਰੇ 157 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਦੁਨੀਆਂ ਦੇ ਕਈ ਦੇਸ਼ਾਂ ਨੇ ਅਪਣੀਆਂ ਘਰੇਲੂ ਜਹਾਜ਼ ਕੰਪਨੀਆਂ ਨੂੰ 737 ਮੈਕਸ ਜਹਾਜ਼ਾਂ ਨੂੰ ਨਾ ਉਡਾਉਣ ਦਾ ਨਿਰਦੇਸ਼ ਦਿਤਾ ਸੀ। ਪੰਜ ਮਹੀਨੇ ਦੇ ਅੰਦਰ ਬੋਇੰਗ 737 ਮੈਕਸ ਦਾ ਇਹ ਦੂਜਾ ਜਹਾਜ਼ ਹੈ ਜੋ ਹਾਦਸਾਗ੍ਰਸਤ ਹੋਇਆ ਹੈ। ਬੋਇੰਗ ਦੇ ਬੁਲਾਰੇ ਨੇ ਕਿਹਾ ਕਿ ਜਦ ਤਕ ਹੋਰ ਹਲ ਲੱਭ ਨਹੀਂ ਲਿਆ ਜਾਂਦਾ, ਉਦੋਂ ਕੰਪਨੀ ਨੇ 737 ਮੈਕਸ ਜਹਾਜ਼ ਦੀ ਸਪਲਾਈ ਰੋਕਣ ਦਾ ਫ਼ੈਸਲਾ ਕੀਤਾ ਹੈ।

ਫ਼ਰਾਂਸ ਦੀ ਹਵਾਈ ਸੁਰੱਖਿਆ ਏਜੰਸੀ ਬੀਈਏ ਨੇ ਪੁਸ਼ਟੀ ਕੀਤੀ ਹੈ ਕਿ ਉਸ ਨੂੰ ਜਹਾਜ਼ ਦਾ ਬਲੈਕ ਬਾਕਸ ਰਿਕਾਰਡਰ ਮਿਲ ਗਿਆ ਹੈ। ਬੀਈਏ ਦੇ ਅਧਿਕਾਰੀ ਕਾਕਪਿਟ ਵਾਇਸ ਤੇ ਫ਼ਲਾਈਟ ਡਾਟਾ ਰਿਕਾਰਡਜ਼ ਤੋਂ ਹੋਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ। ਇਥੋਪਿਆਈ ਏਅਰਲਾਈਨਜ਼ ਨੇ ਜਹਾਜ਼ ਦੇ ਬਲੈਕ ਬਾਕਸ ਨੂੰ ਫ਼ਰਾਂਸ ਭੇਜਿਆ ਹੈ ਕਿਉਂਕਿ ਉਸ ਦੇ ਕੋਲ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਲਈ ਉਪਕਰਨ ਨਹੀਂ ਹਨ। ਅਮਰੀਕੀ ਏਜੰਸੀਆਂ ਨੇ ਕੁੱਝ ਦਿਨ ਪਹਿਲਾਂ ਕਿਹਾ ਸੀ ਕਿ ਇਥੋਪਿਆਈ ਜਹਾਜ਼ ਹਾਦਸੇ ਤੇ ਪਿਛਲੇ ਸਾਲ ਅਕਤੂਬਰ ਵਿਚ ਹੋਏ ਜਹਾਜ਼ ਹਾਦਸੇ ਵਿਚ ਕੁੱਝ ਸਮਾਨਤਾਵਾਂ ਹਨ। ਇੰਡੋਨੇਸ਼ੀਆ ਦੀ ਲਾਇਨ ਏਅਰਲਾਈਨਜ਼ ਦਾ ਜਿਹੜਾ ਜਹਾਜ਼ ਹਾਦਸਾਗ੍ਰਸਤ ਹੋਇਆ ਸੀ, ਉਸ ਵਿਚ ਲਗਭਗ 189 ਵਿਅਕਤੀਆਂ ਦੀ ਮੌਤ ਹੋਈ ਸੀ।