3 ਭਾਰਤੀ ਟੀਮਾਂ ਨੇ NASA 'ਚ ਗੱਡੇ ਝੰਡੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਹ ਚੈਲੇਂਜ ਨਾਸਾ ਦੇ ਮਾਰਸ਼ਲ ਸਪੇਸ ਫਲਾਈਟ ਸੈਂਟਰ ਵੱਲੋਂ ਕਰਾਇਆ ਗਿਆ ਸੀ

National Aeronautics and Space Administration

ਵਾਸ਼ਿੰਗਟਨ: ਅਲਬਾਮਾ ਦੇ ਹੰਟਸਵਿਲੇ ਵਿਚ ਯੂਐਸ ਸਪੇਸ ਐਡ ਰਾਕੇਟ ਸੈਂਟਰ 'ਚ ਨਾਸਾ ਵੱਲੋਂ ਕਰਵਾਏ ਸਾਲਾਨਾ ਹਿਊਮਨ ਐਕਸਪਲੋਰੇਸ਼ਨ ਰੋਵਰ ਚੈਲੇਂਜ ਵਿਚ ਤਿੰਨ ਭਾਰਤੀ ਟੀਮਾਂ ਨੇ ਐਵਾਰਡ ਹਾਸਲ ਕੀਤੇ ਹਨ। ਇਨ੍ਹਾਂ ਵਿਚੋਂ ਇਹ ਟੀਮ ਗਾਜ਼ੀਆਬਾਦ ਦੇ KIET ਗਰੁੱਪ ਆਫ਼ ਇੰਸਟੀਚਿਊਟ ਦੀ ਹੈ। ਜਿਨ੍ਹਾਂ ਕਾਲਜ/ਯੂਨੀਵਰਸਿਟੀ ਡਿਵੀਜ਼ਨ ਵਿਚ 'AIAA ਨੀਲ ਆਰਮਸਟਾਂਗ ਬੈਸਟ ਡਿਜ਼ਾਈਨ ਐਵਾਰਡ' ਹਾਸਲ ਕੀਤਾ। ਇਸ ਦੇ ਨਾਲ ਹੀ ਮੁਕੇਸ਼ ਪਾਟੇਲ ਸਕੂਲ ਆਫ਼ ਟੈਕਨਾਲੋਜੀ ਮੈਨੇਜਮੈਂਟ ਐਂਡ ਇੰਜੀਨੀਅਰਿੰਗ ਮੁੰਬਈ ਨੇ ਕਾਲਜ/ਯੂਨੀਵਰਸਿਟੀ ਡਿਵੀਜ਼ਨ ਵਿਚ 'ਫਰੈਂਕ ਜੋ ਸੈਕਸਟਨ ਮੈਮੋਰੀਅਲ ਪਿਟ ਕਰੂ ਐਵਾਰਡ' ਹਾਸਲ ਕੀਤਾ।

ਇਸ ਤੋਂ ਇਲਾਵਾ ਮੁਕੇਸ਼ ਪਾਟੇਲ ਸਕੂਲ ਸਿਸਟਮ ਸੇਫਟੀ ਚੈਲੈਂਡ ਐਵਾਰਡ ਜਿੱਤਣ ਵਿਚ ਵੀ ਕਾਮਯਾਬ ਰਿਹਾ। ਇਹ ਚੈਲੇਂਜ ਨਾਸਾ ਦੇ ਮਾਰਸ਼ਲ ਸਪੇਸ ਫਲਾਈਟ ਸੈਂਟਰ ਵੱਲੋਂ ਕਰਾਇਆ ਗਿਆ ਸੀ। ਇਸ ਦੇ ਨਾਲ ਹੀ ਪੰਜਾਬ ਦੇ ਫਗਵਾੜਾ ਵਿਚ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਟੀਮ ਨੇ ਵੀ STEM ਇੰਗੇਜਮੈਂਟ ਐਵਾਰਡ ਹਾਸਲ ਕਰ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਇਸ ਮੁਕਾਬਲੇ ਵਿਚ ਜਰਮਨੀ ਦੇ ਇੰਟਰਨੈਸ਼ਨਲ ਸਪੇਸ ਐਜੂਕੇਸ਼ਨ ਇੰਸਟੀਚਿਊਟ ਆਫ਼ ਲਿਪਜ਼ਿਗ ਨੇ ਹਾਈ ਸਕੂਲ ਡਿਵੀਜ਼ਨ ਵਿਚ 91 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ।

ਇਸ ਦੇ ਨਾਲ ਹੀ ਪਿਊਰਟੋ ਰਿਕੋ ਮੇਗਜ਼ ਟੀਮ-1 ਨੇ 101 ਅੰਕਾਂ ਨਾਲ ਕਾਲਜ/ਯੂਨੀਵਰਸਿਟੀ ਡਿਵੀਜ਼ਨ ਜਿੱਤਿਆ। ਦੱਸ ਦੇਈਏ ਇਸ ਚੈਲੇਂਜ ਵਿਚ ਮੰਗਲ, ਚੰਦਰਮਾ ਅਤੇ ਦੂਰ ਦੇ ਗ੍ਰਹਿਆਂ ਤੇ ਉਪਗ੍ਰਹਿਆਂ 'ਤੇ ਹਿਊਮਨ ਪਾਵਰਡ ਰੋਵਰ ਭੇਜਣ ਦਾ ਕੰਮ ਦਿੱਤਾ ਗਿਆ ਸੀ। ਇਸ ਮੁਕਾਬਲੇ ਵਿਚ ਪੂਰੀ ਦੁਨੀਆ ਦੀਆਂ 80 ਟੀਮਾਂ ਨੇ ਹਿੱਸਾ ਲਿਆ ਸੀ। ਇਹ ਚੈਲੇਂਜ 8 ਅਪ੍ਰੈਲ ਨੂੰ ਅਮਰੀਕੀ ਸਪੇਸ ਤੇ ਰਾਕੇਟ ਸੈਂਟਰ ਵਿਚ ਸ਼ੁਰੂ ਹੋਇਆ ਸੀ। ਇਸ ਵਿਚ ਅਮਰੀਕਾ, ਇਟਲੀ, ਜਰਮਨੀ, ਮੈਕਸਿਕੋ, ਰੂਸ ਤੇ ਕੋਲੰਬੀਆ ਵਰਗੇ ਮੁੱਖ ਦੇਸ਼ ਹਿੱਸੇਦਾਰ ਰਹੇ।