ਅਮਰੀਕੀ ਰਾਸ਼ਟਰਪਤੀ ਨੇ ਤੁਰਕੀ ‘ਤੇ ਲਗਾਈਆਂ ਪਾਬੰਦੀਆਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਉੱਤਰੀ ਸੀਰੀਆ 'ਚ ਤੁਰਕੀ ਦੀ ਫ਼ੌਜੀ ਮੁਹਿੰਮ 'ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ...

Trump

ਵਾਸ਼ਿੰਗਟਨ: ਉੱਤਰੀ ਸੀਰੀਆ 'ਚ ਤੁਰਕੀ ਦੀ ਫ਼ੌਜੀ ਮੁਹਿੰਮ 'ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਤੁਰਕੀ 'ਤੇ ਪਾਬੰਦੀ ਲਗਾਉਂਦੇ ਹੋਏ ਉਨ੍ਹਾਂ ਨੇ ਇਸ ਪੱਛਮੀ ਏਸ਼ਿਆਈ ਦੇਸ਼ ਨੂੰ ਤੁਰੰਤ ਜੰਗਬੰਦੀ ਕਰਨ ਲਈ ਕਿਹਾ ਹੈ।

ਪਾਬੰਦੀਆਂ ਦਾ ਐਲਾਨ ਕਰਦਿਆਂ ਟਰੰਪ ਨੇ ਸੋਮਵਾਰ ਨੂੰ ਟਵੀਟ ਕੀਤਾ, 'ਅਸੀਂ ਤੁਰਕੀ ਨਾਲ 100 ਅਰਬ ਡਾਲਰ ਦੇ ਕਾਰੋਬਾਰ ਸਮਝੌਤੇ 'ਤੇ ਚੱਲ ਰਹੀ ਗੱਲਬਾਤ ਰੋਕ ਰਹੇ ਹਾਂ। ਸਟੀਲ 'ਤੇ 50 ਫ਼ੀਸਦੀ ਡਿਊਟੀ ਵਧਾ ਰਹੇ ਹਾਂ। ਇਸ ਤੋਂ ਇਲਾਵਾ ਤੁਰਕੀ ਦੇ ਰੱਖਿਆ ਤੇ ਊਰਜਾ ਮੰਤਰੀਆਂ ਤੋਂ ਇਲਾਵਾ ਤਿੰਨ ਸੀਨੀਅਰ ਅਧਿਕਾਰੀਆਂ 'ਤੇ ਵੀ ਪਾਬੰਦੀ ਲਗਾ ਰਹੇ ਹਾਂ। ਤੁਰਕੀ ਦੀ ਲੀਡਰਸ਼ਿਪ ਨੇ ਖ਼ਤਰਨਾਕ ਤੇ ਤਬਾਹੀ ਵਾਲੇ ਰਾਹ 'ਤੇ ਚੱਲਣਾ ਬੰਦ ਨਹੀਂ ਕੀਤਾ ਤਾਂ ਮੈਂ ਇਸ ਮੁਲਕ ਦੇ ਅਰਥਚਾਰੇ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਤੁਰਕੀ ਦੀ ਫ਼ੌਜੀ ਮੁਹਿੰਮ ਨਾਲ ਨਾਗਰਿਕਾਂ ਦੇ ਨਾਲ ਹੀ ਖੇਤਰੀ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਨੂੰ ਖ਼ਤਰਾ ਪੈਦਾ ਹੋ ਗਿਆ ਹੈ।

ਏਰਦੋਗਨ ਨਾਲ ਕੀਤੀ ਗੱਲ

ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਦੱਸਿਆ ਕਿ ਟਰੰਪ ਨੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਈਯਬ ਏਰਦੋਗਨ ਨਾਲ ਫੋਨ 'ਤੇ ਗੱਲ ਕੀਤੀ ਤੇ ਉੱਤਰੀ ਸੀਰੀਆ 'ਚ ਫ਼ੌਜੀ ਮੁਹਿੰਮ ਰੋਕਣ ਲਈ ਕਿਹਾ। ਉਨ੍ਹਾਂ ਨੇ ਏਰਦੋਗਨ ਨੂੰ ਸਾਫ਼ ਸ਼ਬਦਾਂ 'ਚ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਤੁਰਕੀ ਤੁਰੰਤ ਜੰਗਬੰਦੀ ਕਰ ਕੇ ਕੁਰਦ ਬਾਗੀਆਂ ਨਾਲ ਗੱਲ ਗੱਲਬਾਤ ਕਰੇ। ਟਰੰਪ ਨੇ ਇਹ ਆਦੇਸ਼ ਵੀ ਦਿੱਤਾ ਹੈ ਕਿ ਪੇਂਸ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓਬ੍ਰਾਇਨ ਦੀ ਅਗਵਾਈ 'ਚ ਇਕ ਅਮਰੀਕੀ ਵਫ਼ਦ ਤੁਰਕੀ ਜਾਵੇ ਤੇ ਗੱਲਬਾਤ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇ।

ਸੀਰੀਆ ਤੋਂ ਵਾਪਸ ਪਰਤਣਗੇ ਇਕ ਹਜ਼ਾਰ ਅਮਰੀਕੀ ਫ਼ੌਜੀ

ਅਮਰੀਕਾ ਜੰਗ ਪ੍ਰਭਾਵਿਤ ਸੀਰੀਆ 'ਚ ਤਾਇਨਾਤ ਆਪਣੇ ਕਰੀਬ ਇਕ ਹਜ਼ਾਰ ਫ਼ੌਜੀਆਂ ਨੂੰ ਅਗਲੇ ਕੁਝ ਹਫ਼ਤਿਆਂ 'ਚ ਵਾਪਸ ਬੁਲਾ ਲਵੇਗਾ। ਇਨ੍ਹਾਂ ਫ਼ੌਜੀਆਂ ਦੀ ਵਾਪਸੀ ਉੱਤਰੀ ਸੀਰੀਆ 'ਚ ਕੁਰਦ ਬਾਗੀਆਂ 'ਤੇ ਤੁਰਕੀ ਦੀ ਫ਼ੌਜੀ ਮੁਹਿੰਮ ਦਰਮਿਆਨ ਹੋਣ ਜਾ ਰਹੀ ਹੈ। ਟਰੰਪ ਨੇ ਪਿਛਲੇ ਹਫ਼ਤੇ ਸੀਰੀਆ ਤੋਂ ਅਮਰੀਕੀ ਫ਼ੌਜੀਆਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਦੇ ਇਸ ਫ਼ੈਸਲੇ ਦੀ ਵਿਰੋਧੀ ਧਿਰ ਰਿਪਬਲਿਕਨ ਸੰਸਦ ਮੈਂਬਰਾਂ ਨੇ ਤਿੱਖੀ ਆਲੋਚਨਾ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਹ ਕੁਰਦਾਂ ਨਾਲ ਵਿਸ਼ਵਾਸਘਾਤ ਹੈ। ਉਹ ਸੀਰੀਆ 'ਚ ਅੱਤਵਾਦੀ ਜਮਾਤ ਇਸਲਾਮਿਕ ਸਟੇਟ (ਆਈਐੱਸ) ਖ਼ਿਲਾਫ਼ ਲੜਾਈ 'ਚ ਅਮਰੀਕਾ ਦੇ ਮੁੱਖ ਸਹਿਯੋਗੀ ਸਨ। ਇਸ ਨਾਲ ਅਮਰੀਕੀ ਭਰੋਸੇਯੋਗਤਾ ਕਮਜ਼ੋਰ ਹੋਵੇਗੀ।