ਅੱਗ ਨਾਲ ਜੂਝ ਰਹੇ ਆਸਟ੍ਰੇਲੀਆ 'ਚ ਬਾਰਿਸ਼ ਦੀ ਮੁੜ ਦਸਤਕ, ਖੁਸ਼ੀ 'ਚ ਝੂਮੇ ਲੋਕ!

ਏਜੰਸੀ

ਖ਼ਬਰਾਂ, ਕੌਮਾਂਤਰੀ

ਬਾਰਿਸ਼ 'ਚ ਖ਼ੁਸ਼ੀ ਮਨਾਉਂਦੇ ਬੱਚੇ ਦੀ ਵੀਡੀਓ ਹੋਈ ਵਾਇਰਲ

file photo

ਕੈਨਬਰਾ : ਜੰਗਲਾਂ ਦੀ ਅੱਗ ਨਾਲ ਦੋ-ਚਾਰ ਹੋ ਰਹੇ ਆਸਟ੍ਰੇਲੀਆ 'ਚ ਵੀਰਵਾਰ ਨੂੰ ਬਾਰਿਸ਼ ਨੇ ਮੁੜ ਦਸਤਕ ਦਿਤੀ ਹੈ। ਇਸ ਨਾਲ ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ 'ਤੇ ਕਾਬੂ ਪੈਣ ਦੀ ਉਮੀਦ ਕੀਤੀ ਜਾ ਰਹੀ ਹੈ। ਬਾਰਿਸ਼ ਤੋਂ ਬਾਅਦ ਖ਼ੁਸ਼ੀ 'ਚ ਖੀਵੇ ਹੋਏ ਇਕ ਬੱਚੇ ਦੀ ਨੱਚਦੇ-ਟੱਪਦੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ।

ਵੀਡੀਓ ਵਿਚ ਇਹ ਬੱਚਾ ਪਹਿਲੀ ਵਾਰ ਮੀਂਹ ਵੇਖ ਕੇ ਖੁਸ਼ੀ 'ਚ ਨੱਚਦਾ ਨਜ਼ਰ ਆ ਰਿਹਾ ਹੈ। ਮੀਡੀਆ ਰਿਪੋਰਟ ਮੁਤਾਬਕ ਨਿਊ ਸਾਊਥ ਵੈਲਸ ਇਲਾਕੇ ਵਿਚਲੀ ਇਸ ਵੀਡੀਓ ਵਿਚ 18 ਮਹੀਨੇ ਦੇ ਇਸ ਬੱਚੇ ਦਾ ਨਾਮ ਸੁਨੀ ਮੈਕੇਂਜੀ ਹੈ।

ਕਾਬਲੇਗੌਰ ਹੈ ਕਿ ਆਸਟ੍ਰੇਲੀਆ ਵਿਚ ਪਿਛਲੇ ਸਾਲ ਸਤੰਬਰ ਮਹੀਨੇ 'ਚ ਜੰਗਲਾਂ ਨੂੰ ਲੱਗੀ ਅੱਗ ਕਾਰਨ ਹੁਣ ਤਕ ਕਈ ਮਨੁੱਖੀ ਜਾਨਾਂ ਜਾ ਚੁੱਕੀਆਂ ਹਨ। ਵੱਡੀ ਗਿਣਤੀ 'ਚ ਲੋਕ ਘਰੋ ਬੇਘਰ ਹੋ ਗਏ ਹਨ। ਇਸ ਤੋਂ ਇਲਾਵਾ ਕਰੋੜਾਂ ਜੰਗਲੀ ਜੀਵ ਵੀ ਅੱਗ ਦੀ ਭੇਂਟ ਚੜ੍ਹ ਚੁੱਕੇ ਹਨ।

ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਵੀ ਆਸਟ੍ਰੇਲੀਆ ਵਿਚ ਮੀਂਹ ਪੈਣ ਦੀਆਂ ਖ਼ਬਰਾਂ ਆਈਆਂ ਸਨ। ਹੁਣ ਬਾਰਿਸ਼ ਦੀ ਮੁੜ ਦਸਤਕ ਨਾਲ ਲੋਕਾਂ ਦੇ ਚਿਹਰਿਆਂ 'ਤੇ ਖ਼ੁਸ਼ੀ ਸਾਫ਼ ਝਲਕ ਰਹੀ ਹੈ। ਵੀਡੀਓ 'ਚ ਨੱਚ ਰਹੇ ਬੱਚੇ ਸੁਣੀ ਮੈਕੇਂਜੀ ਦਾ ਇਹ ਵੀਡੀਓ ਉਸ ਦੇ ਮਾਂ ਨੇ ਸ਼ੂਟ ਕੀਤਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ਲੋਕ ਇਸ 'ਤੇ ਕੁਮੈਂਟ ਕਰ ਰਹੇ ਹਨ।

ਬੱਚੇ ਦਾ ਮਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਬਾਰਿਸ਼ ਸ਼ੁਰੂ ਹੋਈ ਤਾਂ ਅਸੀਂ ਸਾਰੇ ਘਰ ਤੋਂ ਬਾਹਰ ਨਿਕਲ ਆਏ। ਅਸੀਂ ਗਮਲਿਆਂ 'ਚ ਲੱਗੇ ਪੌਦਿਆਂ ਨੂੰ ਬਾਰਿਸ਼ 'ਚ ਰੱਖਣਾ ਸ਼ੁਰੂ ਕਰ ਦਿਤਾ। ਇਸੇ ਦੌਰਾਨ  ਸੁਣੀ ਬਾਹਰ ਨਿਕਲ ਕੇ ਮੀਂਹ 'ਚ ਖੜ੍ਹਾ ਹੋ ਕੇ ਖ਼ੁਸ਼ੀ ਨਾਲ ਝੂਮਣ ਲੱਗ ਪਿਆ।

ਮਾਂ ਮੁਤਾਬਕ ਉਸ ਨੂੰ ਪਹਿਲਾਂ ਕਦੇ ਬਾਰਿਸ਼ ਵੇਖਣ ਦਾ ਮੌਕਾ ਨਹੀਂ ਸੀ ਮਿਲਿਆ। ਇਸ ਇਲਾਕੇ ਅੰਦਰ ਪਿਛਲੇ 3 ਸਾਲਾਂ ਤੋਂ ਕਦੇ ਮੀਂਹ ਨਹੀਂ ਸੀ ਪਿਆ। ਮਾਂ ਮੁਤਾਬਕ ਉਹ ਚਾਹੁੰਦੇ ਹਨ ਕਿ ਇਹ ਬਾਰਿਸ਼ ਅਗਲੇ 5 ਦਿਨਾਂ ਤਕ ਇਸੇ ਤਰ੍ਹਾਂ ਹੁੰਦੀ ਰਹੇ। ਇਸ ਵੀਡੀਓ ਨੂੰ ਹੋਰ ਅਨੇਕਾਂ ਸੂਜਰਸ ਨੇ ਵੀ ਕੁਮੈਂਟਾਂ ਸਮੇਤ ਸ਼ੇਅਰ ਕੀਤਾ ਹੈ।