17 ਸਾਲ ਬਾਅਦ ਜੇਲ ’ਚੋਂ ਰਿਹਾਅ ਹੋਣ ’ਤੇ ਵਿਅਕਤੀ ਨੂੰ ਮਿਲੇ 8 ਕਰੋੜ ਰੁਪਏ, ਜਾਣੋ ਪੂਰਾ ਮਾਮਲਾ
ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਪਛਾਣ ਕਰਨ ਵਿਚ ਪੁਲਿਸ ਤੋਂ ਹੋਈ ਸੀ ਗ਼ਲਤੀ
ਵਾਸ਼ਿੰਗਟਨ: ਅਮਰੀਕਾ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਵਿਅਕਤੀ ਨੇ 17 ਸਾਲ ਜੇਲ ਵਿਚ ਬਿਤਾਏ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੂੰ 8 ਕਰੋੜ ਰੁਪਏ ਦਾ ਮੁਆਵਜ਼ਾ ਦਿਤਾ ਗਿਆ ਕਿਉਂਕਿ ਜਾਂਚ ਵਿਚ ਪਤਾ ਲੱਗਾ ਕਿ ਜਿਸ ਅਪਰਾਧ ਲਈ ਉਸ ਨੂੰ ਜੇਲ ਭੇਜਿਆ ਗਿਆ ਸੀ, ਉਸ ਨੇ ਉਹ ਅਪਰਾਧ ਕੀਤਾ ਹੀ ਨਹੀਂ ਸੀ। ਅਪਰਾਧ ਦਾ ਦੋਸ਼ੀ ਉਸ ਦੀ ਦਿੱਖ ਵਰਗਾ ਸੀ। ਦਿੱਖ ਕਾਰਨ ਦੋਸ਼ੀ ਦੀ ਪਛਾਣ ਕਰਨ ਵਿਚ ਗ਼ਲਤੀ ਹੋ ਗਈ, ਜਿਸ ਕਾਰਨ ਬੇਕਸੂਰ ਨੂੰ ਸਜ਼ਾ ਭੁਗਤਣੀ ਪਈ।
ਇਹ ਵੀ ਪੜ੍ਹੋ: ਸਰਦੀਆਂ ਵਿਚ ਜ਼ਰੂਰ ਕਰੋ ਕਾਲੇ ਤਿਲ ਦਾ ਇਸਤੇਮਾਲ, ਹੋਣਗੇ ਕਈ ਫ਼ਾਇਦੇ
ਡੇਲੀ ਸਟਾਰ ਦੀ ਰਿਪੋਰਟ ਮੁਤਾਬਕ 45 ਸਾਲਾ ਰਿਚਰਡ ਜੋਨਸ ਨੂੰ ਸਾਲ 2000 ਵਿਚ ਲੁੱਟ ਦੇ ਇਕ ਮਾਮਲੇ ਵਿਚ ਜੇਲ ਹੋਈ ਸੀ ਪਰ ਸਾਲਾਂ ਬੱਧੀ ਪਤਾ ਨਹੀਂ ਲੱਗਾ ਕਿ ਇਹ ਲੁੱਟ ਰਿਚਰਡ ਨੇ ਨਹੀਂ ਸਗੋਂ ਉਸ ਦੇ ਦਿੱਖ ਵਾਲੇ ਵਿਅਕਤੀ ਨੇ ਕੀਤੀ ਸੀ। ਇਸ ਕਾਰਨ ਰਿਚਰਡ ਨੂੰ ਅਪਣੀ ਜ਼ਿੰਦਗੀ ਦਾ ਲਗਭਗ ਤੀਜਾ ਹਿੱਸਾ ਜੇਲ ਵਿਚ ਗੁਜ਼ਾਰਨਾ ਪਿਆ। ਹਾਲਾਂਕਿ ਜਦੋਂ ਪੀੜਤਾ ਅਤੇ ਗਵਾਹਾਂ ਨੂੰ ਰਿਚਰਡ ਦੇ ਦਿੱਖ ਵਾਲੇ ਰਿਕੀ ਅਮੋਸ ਦੀ ਤਸਵੀਰ ਦਿਖਾਈ ਗਈ ਤਾਂ ਮਾਮਲੇ ਦਾ ਖੁਲਾਸਾ ਆਇਆ। ਪਰ ਉਦੋਂ ਤਕ ਬਹੁਤ ਦੇਰ ਹੋ ਚੁਕੀ ਸੀ। ਇਕ ਬੇਕਸੂਰ ਨੂੰ ਸਾਲਾਂ ਬੱਧੀ ਜੇਲ ਦੀਆਂ ਸਲਾਖਾਂ ਵਿਚ ਬੰਦ ਰਹਿਣਾ ਪਿਆ।
ਇਹ ਵੀ ਪੜ੍ਹੋ: ਲੁਧਿਆਣਾ ਦੀ ਡਾ. ਅੰਜੂ ਗਰਗ ਨੇ ਜਿੱਤਿਆ ਮਿਸਿਜ਼ ਇੰਡੀਆ ਨਾਰਥ ਕਲਾਸਿਕ
ਦਸਿਆ ਗਿਆ ਕਿ ਰਿੱਕੀ ਅਮੋਸ ਵਲੋਂ 1999 ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ ਸੀ। ਉਸ ਦਾ ਚਿਹਰਾ ਰਿਚਰਡ ਵਰਗਾ ਸੀ। ਇਸ ਕਾਰਨ ਪੁਲਸ ਨੇ ਅਸਲ ਦੋਸ਼ੀ ਦੀ ਪਛਾਣ ਕਰਨ ਵਿੱਚ ਗ਼ਲਤੀ ਕੀਤੀ। ਹਾਲਾਂਕਿ ਰਿਚਰਡ ਨੇ ਕਿਹਾ ਕਿ ਘਟਨਾ ਦੇ ਸਮੇਂ ਉਹ ਅਪਣੀ ਪ੍ਰੇਮਿਕਾ ਨਾਲ ਦੂਜੀ ਜਗ੍ਹਾ ’ਤੇ ਸੀ ਪਰ ਮੌਕੇ ’ਤੇ ਸਬੂਤਾਂ ਦੀ ਘਾਟ ਕਾਰਨ ਉਸ ਨੂੰ ਦੋਸ਼ੀ ਠਹਿਰਾਇਆ ਗਿਆ। ਚਸ਼ਮਦੀਦਾਂ ਨੇ ਵੀ ਰਿਚਰਡ ਨੂੰ ਪਛਾਣਨ ਵਿਚ ਗ਼ਲਤੀ ਕੀਤੀ ਅਤੇ ਉਸ ਨੂੰ ਲੁਟੇਰਾ ਸਮਝ ਲਿਆ।
ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (16 ਜਨਵਰੀ 2023)
ਜੇਲ ਜਾਣ ਤੋਂ ਬਾਅਦ ਰਿਚਰਡ ਨੇ ਕਈ ਵਾਰ ਅਪੀਲ ਕੀਤੀ ਪਰ ਇਹ ਸਾਬਤ ਨਹੀਂ ਕਰ ਸਕਿਆ ਕਿ ਅਪਰਾਧ ਉਸ ਨੇ ਨਹੀਂ ਸਗੋਂ ਰਿਕੀ ਅਮੋਸ ਨੇ ਕੀਤਾ ਸੀ।ਇਸ ਦੌਰਾਨ ਮਿਡਵੈਸਟ ਇਨੋਸੈਂਸ ਪ੍ਰਾਜੈਕਟ ਅਤੇ ਯੂਨੀਵਰਸਿਟੀ ਆਫ਼ ਕੰਸਾਸ ਸਕੂਲ ਆਫ਼ ਲਾਅ ਨੇ ਰਿਚਰਡ ਦੇ ਕੇਸ ਦੀ ਜਾਂਚ ਕੀਤੀ। ਅਪਣੀ ਜਾਂਚ ਜ਼ਰੀਏ ਉਨ੍ਹਾਂ ਨੂੰ ਪਤਾ ਲੱਗਾ ਕਿ ਰਿਚਰਡ ਦਾ ਹਮਸ਼ਕਲ ਰਿਕੀ ਵੀ ਉਸੇ ਜੇਲ ਵਿਚ ਕੈਦ ਸੀ। (ਏਜੰਸੀ)