ਦੁਨੀਆਂ 'ਚ 82 ਕਰੋੜ ਤੋਂ ਵੱਧ ਲੋਕ ਭੁੱਖਮਰੀ ਤੋਂ ਪੀੜਤ : ਯੂ.ਐਨ.

ਏਜੰਸੀ

ਖ਼ਬਰਾਂ, ਕੌਮਾਂਤਰੀ

ਏਸ਼ੀਆ 'ਚ 513.9 ਮਿਲੀਅਨ ਲੋਕ ਭੁੱਖ ਨਾਲ ਪੀੜਤ

Worsening world hunger affects 821 million: United Nations

ਨਿਊਯਾਰਕ : ਯੂ.ਐਨ. ਵਲੋਂ ਪੇਸ਼ ਕੀਤੀ ਗਈ ਇਕ ਰੀਪੋਰਟ ਮੁਤਾਬਕ 2018 'ਚ ਦੁਨੀਆਂ ਭਰ 'ਚ 821 ਮਿਲੀਅਨ (82 ਕਰੋੜ) ਤੋਂ ਵੱਧ ਲੋਕ ਭੁੱਖ ਕਾਰਨ ਪੀੜਤ ਸਨ। ਪਿਛਲੇ 3 ਸਾਲਾਂ ਦੀ ਤੁਲਨਾ 'ਚ ਇਹ ਅੰਕੜਾ ਕਾਫ਼ੀ ਤੇਜ਼ੀ ਨਾਲ ਵੱਧ ਰਿਹਾ ਹੈ। ਸੰਯੁਕਤ ਰਾਸ਼ਟਰ ਨੇ ਖੇਤੀ ਸੰਗਠਨ ਅਤੇ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਸਮੇਤ ਹੋਰ ਕਈ ਏਜੰਸੀਆਂ ਵਲੋਂ ਬਣਾਈ ਗਈ 'ਦੀ ਸਟੇਟ ਆਫ਼ ਫੂਡ ਸਕਿਓਰਟੀ ਐਂਡ ਨਿਊਟ੍ਰੇਸ਼ਨ ਇਨ ਦੀ ਵਰਲਡ' ਨਾਮਕ ਰੀਪੋਰਟ ਜਾਰੀ ਕੀਤੀ ਹੈ। ਇਸ ਰੀਪੋਰਟ 'ਚ ਸਾਹਮਣੇ ਆਇਆ ਕਿ 2018 'ਚ 82 ਕਰੋੜ ਤੋਂ ਵੱਧ ਲੋਕ ਭੁੱਖ ਨਾਲ ਪੀੜਤ ਸਨ। ਇਸ ਰੀਪੋਰਟ ਮੁਤਾਬਕ 9 'ਚੋਂ 1 ਵਿਅਕਤੀ ਪੀੜਤ ਹੈ।

ਇਸ ਮੁਤਾਬਕ ਏਸ਼ੀਆ 'ਚ ਭੁੱਖ ਨਾਲ ਪੀੜਤ ਲੋਕਾਂ ਦੀ ਗਿਣਤੀ 513.9 ਮਿਲੀਅਨ ਰਹੀ ਜਦਕਿ ਅਫ਼ਰੀਕਾ 'ਚ 256.1 ਮਿਲੀਅਨ ਅਤੇ ਲੈਟਿਨ ਅਮਰੀਕਾ ਅਤੇ ਕੈਰੀਬੀਅਨ 'ਚ 42.5 ਮਿਲੀਅਨ ਦੇ ਨੇੜੇ ਸੀ। ਰੀਪੋਰਟ ਮੁਤਾਬਕ 2015 'ਚ ਕੁਪੋਸ਼ਣ 'ਚ ਵਾਧਾ ਹੋਇਆ ਸੀ। ਇਸ ਦਾ ਮੁੱਖ ਕਾਰਨ ਜਲਵਾਯੂ ਪਰਿਵਰਤਨ ਅਤੇ ਯੁੱਧ ਸੀ। ਸੰਯੁਕਤ ਰਾਸ਼ਟਰ ਦਾ ਟੀਚਾ ਹੈ ਕਿ 2030 ਤਕ ਇਸ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਜਾਵੇਗਾ।

ਅਫ਼ਰੀਕਾ 'ਚ ਕੁਪੋਸ਼ਣ ਵਿਆਪਕ ਰੁਪ ਨਾਲ ਬਣਿਆ ਹੋਇਆ ਹੈ। ਇਥੇ ਲਗਭਗ 20 ਫ਼ੀ ਸਦੀ ਆਬਾਦੀ ਕੁਪੋਸ਼ਣ ਨਾਲ ਪ੍ਰਭਾਵਤ ਹੈ ਅਤੇ ਏਸ਼ੀਆ 'ਚ 12 ਫ਼ੀ ਸਦੀ ਤੋਂ ਵਧੇਰੇ ਲੋਕ ਇਸ ਸਮੱਸਿਆ ਨਾਲ ਜੂਝ ਰਹੇ ਹਨ। ਲੈਟਿਨ ਅਮਰੀਕਾ ਤੇ ਕੈਰੇਬੀਅਨ 'ਚ ਲਗਭਗ 7 ਫ਼ੀ ਸਦੀ ਲੋਕ ਇਸ ਨਾਲ ਪ੍ਰਭਾਵਤ ਹਨ।