ਆਸਟ੍ਰੇਲੀਆ 'ਚ ਵਾਪਰੇ ਸੜਕ ਹਾਦਸੇ 'ਚ ਭਾਰਤੀ ਵਿਦਿਆਰਥੀ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਮ੍ਰਿਤਕ ਕੁਨਾਲ ਚੋਪੜਾ 

Representative Image

 

ਮੈਲਬੌਰਨ - ਆਸਟ੍ਰੇਲੀਆ ਦੇ ਕੈਨਬਰਾ ਵਿੱਚ ਇੱਕ 21 ਸਾਲਾ ਭਾਰਤੀ ਵਿਦਿਆਰਥੀ ਦੀ ਕਾਰ ਹਾਦਸੇ ਵਿੱਚ ਮੌਤ ਹੋ ਗਈ। ਮੀਡੀਆ 'ਚ ਪ੍ਰਕਾਸ਼ਿਤ ਖ਼ਬਰਾਂ 'ਚ ਇਹ ਜਾਣਕਾਰੀ ਦਿੱਤੀ ਗਈ।

ਮੀਡੀਆ ਮੁਤਾਬਕ ਮ੍ਰਿਤਕ ਵਿਦਿਆਰਥੀ ਕੁਨਾਲ ਚੋਪੜਾ ਮੂਲ ਰੂਪ ਤੋਂ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਵਿਦਿਆਰਥੀ ਵੀਜ਼ੇ 'ਤੇ ਆਸਟ੍ਰੇਲੀਆ ਰਹਿ ਰਿਹਾ ਸੀ। ਮੀਡੀਆ ਵੱਲੋਂ ਜਾਰੀ ਖ਼ਬਰਾਂ ਅਨੁਸਾਰ ਇਹ ਘਟਨਾ ਪਿਛਲੇ ਹਫ਼ਤੇ ਸਥਾਨਕ ਸਮੇਂ ਅਨੁਸਾਰ ਸਵੇਰੇ 7 ਵਜੇ ਕੈਨਬਰਾ ਦੇ ਵਿਲੀਅਮ ਹਾਵਲ ਡਰਾਈਵ 'ਤੇ ਵਾਪਰੀ ਜਦੋਂ ਚੋਪੜਾ ਕੰਮ ਤੋਂ ਵਾਪਸ ਆ ਰਿਹਾ ਸੀ। 

ਦੱਸਿਆ ਗਿਆ ਹੈ ਕਿ ਚੋਪੜਾ ਦੀ ਕਾਰ ਕੰਕਰੀਟ ਪੰਪਿੰਗ ਟਰੱਕ ਨਾਲ ਟਕਰਾ ਗਈ। ਮੁਢਲੀ ਜਾਂਚ ਮੁਤਾਬਕ ਚੋਪੜਾ ਦੀ ਕਾਰ ਗਲਤ ਦਿਸ਼ਾ 'ਚ ਚਲੀ ਗਈ ਸੀ, ਜਿਸ ਕਾਰਨ ਇਹ ਕੈਨਬਰਾ ਜਾ ਰਹੇ ਟਰੱਕ ਨਾਲ ਟਕਰਾ ਗਈ।

ਖ਼ਬਰਾਂ ਮੁਤਾਬਕ ਚੋਪੜਾ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਕੈਨਬਰਾ ਵਿੱਚ ਇਸ ਸਾਲ (2023) ਵਿੱਚ ਇਹ ਪਹਿਲਾ ਜਾਨਲੇਵਾ ਸੜਕ ਹਾਦਸਾ ਹੈ।

ਟ੍ਰੈਵਿਸ ਮਿਲਜ਼ ਦੀ ਰੋਡ ਪੁਲਿਸਿੰਗ ਦੇ ਕਾਰਜਕਾਰੀ ਇੰਸਪੈਕਟਰ ਨੇ ਕਿਹਾ ਕਿ ਸੜਕ ਦੁਰਘਟਨਾ ਜਾਂਚ ਟੀਮ ਚੋਪੜਾ ਨਾਲ ਜੁੜੇ ਹਾਦਸੇ ਦੀ ਜਾਂਚ ਕਰ ਰਹੀ ਹੈ। ਚੋਪੜਾ ਪਿਛਲੇ ਸਾਲ ਫਰਵਰੀ 'ਚ ਆਸਟ੍ਰੇਲੀਆ ਆਇਆ ਸੀ।

ਚੋਪੜਾ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

ਦੋਸਤ ਅਤੇ ਭਾਰਤੀ ਭਾਈਚਾਰੇ ਦੇ ਨੁਮਾਇੰਦੇ ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਇਸ ਦੁਖਾਂਤ ਨੇ ਕੈਨਬਰਾ ਵਿੱਚ ਭਾਰਤੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਉਨ੍ਹਾਂ ਕਿਹਾ, ‘"ਅਸੀਂ ਉਸ ਦੇ ਪਰਿਵਾਰ ਅਤੇ ਭਾਰਤੀ ਹਾਈ ਕਮਿਸ਼ਨ ਦੇ ਸੰਪਰਕ ਵਿੱਚ ਹਾਂ, ਜੋ ਚੋਪੜਾ ਦੀ ਮ੍ਰਿਤਕ ਦੇਹ ਭਾਰਤ ਭੇਜਣ ਵਿੱਚ ਮਦਦ ਕਰ ਰਿਹਾ ਹੈ।’’ ਗਿੱਲ ਨੇ ਨੌਜਵਾਨਾਂ ਨੂੰ ਸੜਕ ’ਤੇ ਸਾਵਧਾਨ ਰਹਿਣ ਦੀ ਅਪੀਲ ਕੀਤੀ।