ਨਿਊਜ਼ੀਲੈਂਡ ਹਮਲੇ ਵਿਚ ਮਾਰੇ ਗਏ 49 ਲੋਕਾਂ ਵਿਚ ਕੇਰਲ ਦੀ ਔਰਤ ਵੀ ਸ਼ਾਮਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੀਤੇ ਦਿਨੀਂ ਨਿਊਜ਼ੀਲੈਂਡ ਦੀਆਂ ਮਸਜਿਦਾਂ ‘ਚ ਗੋਲ਼ੀਬਾਰੀ ਦੀ ਘਟਨਾ ਵਿਚ 49 ਲੋਕ ਮਾਰੇ ਗਏ ਤੇ ਕਈ ਜਖ਼ਮੀ ਹੋ ਗਏ। ਮਾਰੇ ਗਏ 49 ਲੋਕਾਂ 'ਚ ਕੇਰਲ ਦੀ ਇਕ ਮਹਿਲਾ ਵੀ ਸ਼ਾਮਿਲ ਹੈ

New Zealand attack

ਕ੍ਰਾਈਸਟਚਰਚ : ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਕੀਤੀ ਗੋਲ਼ੀਬਾਰੀ ਵਿਚ ਮਾਰੇ ਗਏ 49 ਲੋਕਾਂ ਵਿਚ ਕੇਰਲ ਦੀ ਇਕ ਮਹਿਲਾ ਵੀ ਸ਼ਾਮਿਲ ਹੈ ਅਤੇ ਮੁੱਖ ਮੰਤਰੀ ਪਿਨਰਾਈ ਵਿਜੈਅਨ ਨੇ ਸ਼ਨੀਵਾਰ ਨੂੰ ਇਕ ਫੇਸਬੁੱਕ ਪੋਸਟ ਵਿਚ ਇਸਦੀ ਪੁਸ਼ਟੀ ਕੀਤੀ ਹੈ।

ਇਕ ਉੱਚ ਪੁਲਿਸ ਅਧਿਕਾਰੀ ਨੇ ਨਿਊਜ਼ ਏਜੰਸੀ ਨੂੰ ਦੱਸਿਆ, ‘ਅੰਸ਼ੀ ਕਰੀਪਕੁਲਮ (27) ਦੀ ਮੌਤ ਦੀ ਪੁਸ਼ਟੀ ਹੋ ਗਈ ਹੈ ਅਤੇ ਉਹਨਾਂ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ’। ਆਪਣੀ ਫੇਸਬੁੱਕ ਪੋਸਟ ਵਿਚ ਵਿਜੈਅਨ ਨੇ ਨਿਊਜ਼ੀਲੈਂਡ ਹਮਲੇ ਵਿਚ ਮਾਰੇ ਗਏ ਲੋਕਾਂ ਵਿਚ ਕੋਡੁਨਗਲੂਰ ਦੀ ਇਕ ਨਿਵਾਸੀ ਦੇ ਸ਼ਾਮਿਲ ਹੋਣ ਦੀ ਖਬਰ ਲਈ ਦੁੱਖ ਜ਼ਾਹਿਰ ਕੀਤਾ ਹੈ।

ਵਿਜੈਅਨ ਨੇ ਕਿਹਾ, ‘ ਹੋਰ ਸੂਚਨਾ ਲੈਣ ਲਈ ਅਸੀਂ ‘ਨਾਨ ਰੇਜ਼ੀਡੈਂਟ ਅਫੇਅਰਸ ਡਿਪਾਰਟਮੈਂਟ’ (NORKA) ਦੇ ਜ਼ਰੀਏ ਅੰਬੈਸੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਪਰਿਵਾਰ ਲਈ ਹਮਦਰਦੀ ਪ੍ਰਗਰਟ ਕਰਦੇ ਹਾਂ’।

ਖਬਰਾਂ ਮੁਤਾਬਕ, ਔਰਤ ਉੱਥੇ ਇਕ ਕਾਲਜ ਵਿਚ ਐਮਟੈੱਕ ਦੀ ਪੜ੍ਹਾਈ ਕਰ ਰਹੀ ਸੀ। ਅੰਸ਼ੀ ਦਾ ਪਤੀ ਕੋਚੀ ਦਾ ਰਹਿਣ ਵਾਲਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਨਿਊਜ਼ੀਲੈਂਡ ਦੀਆਂ ਮਸਜਿਦਾਂ ‘ਚ ਗੋਲ਼ੀਬਾਰੀ ਦੀ ਘਟਨਾ ਦੌਰਾਨ 49 ਲੋਕ ਮਾਰੇ ਗਏ ਤੇ ਕਈ ਜਖ਼ਮੀ ਹੋ ਗਏ। 49 ਲੋਕਾਂ ਦੇ ਕਾਤਲ ਦੇ ਇਲਾਜ਼ਮ ‘ਚ 28 ਸਾਲਾ ਆਸਟ੍ਰੇਲੀਆਈ ਨਾਗਰਿਕ ਬ੍ਰੈਂਟਨ ਹੈਰਿਸਨ ਟੈਰੰਟ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਖ਼ਿਲਾਫ਼ ਅਦਾਲਤੀ ਕਾਰਵਾਈ ਕੀਤੀ ਜਾ ਰਹੀ ਹੈ।