ਇੰਸਟਾਗ੍ਰਾਮ 'ਤੇ ਮੌਤ ਦੀ ਵੋਟਿੰਗ ਮਗਰੋਂ ਕੁੜੀ ਨੇ ਦਿੱਤੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੁੜੀ ਨੇ ਸਵਾਲ ਕਰਕੇ ਪੁੱਛਿਆ ਸੀ ''ਮਰ ਜਾਵਾਂ ਜਾਂ ਨਹੀਂ''

Girl Gave life After Death in Instagram

ਮਲੇਸ਼ੀਆ- ਅੱਜ ਦੇ ਆਧੁਨਿਕ ਦੌਰ ਨੂੰ ਜੇਕਰ ਸੋਸ਼ਲ ਮੀਡੀਆ ਦਾ ਦੌਰ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਵਿਸ਼ਵ ਭਰ ਦੇ ਵੱਡੀ ਗਿਣਤੀ 'ਚ ਲੋਕ ਸੋਸ਼ਲ ਮੀਡੀਆ ਨਾਲ ਇਸ ਕਦਰ ਜੁੜੇ ਹੋਏ ਹਨ ਕਿ ਉਹ ਜ਼ਿਆਦਾ ਸਮਾਂ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣਾ ਪਸੰਦ ਕਰਦੇ ਹਨ। ਇੱਥੋਂ ਤਕ ਕਿ ਬਹੁਤ ਸਾਰੇ ਲੋਕ ਤਾਂ ਕੋਈ ਕੰਮ ਕਰਨ ਤੋਂ ਪਹਿਲਾਂ ਅਪਣੇ ਸੋਸ਼ਲ ਮੀਡੀਆ ਫਰੈਂਡਜ਼ ਤੋਂ ਸਲਾਹ ਲੈਂਦੇ ਹਨ।

ਮਲੇਸ਼ੀਆ ਵਿਚ ਵੀ ਕੁੱਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ। ਜਦੋਂ ਇਕ ਕੁੜੀ ਨੇ ਇੰਸਟਾਗ੍ਰਾਮ 'ਤੇ ਪੋਲ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ, ਦਰਅਸਲ ਉਸ ਲੜਕੀ ਨੇ ਇੰਸਟਾਗ੍ਰਾਮ 'ਤੇ ਪੋਲ–ਪੋਸਟ ਪਾ ਕੇ ਆਪਣੇ ਫ਼ਾਲੋਅਰਜ਼ ਤੋਂ ਪੁੱਛਿਆ ਕਿ ਕੀ ਉਸ ਨੂੰ ਮਰ ਜਾਣਾ ਚਾਹੀਦਾ ਹੈ ਜਾਂ ਨਹੀਂ। ਉਸ ਦੇ ਇਸ ਸਵਾਲ 'ਤੇ 69 ਫ਼ੀਸਦੀ ਲੋਕਾਂ ਨੇ 'ਹਾਂ' ਵਿਚ ਆਪਣਾ ਪ੍ਰਤੀਕਰਮ ਦਿਤਾ।

ਜਿਸ ਤੋਂ ਬਾਅਦ ਉਸ ਕੁੜੀ ਨੇ ਤੁਰੰਤ ਆਪਣੀ ਜਾਨ ਦੇ ਦਿੱਤੀ। ਇਕ ਵਿਦੇਸ਼ੀ ਅਖ਼ਬਾਰ ਮੁਤਾਬਕ ਸਾਰਾਵਾਕ ਸੂਬੇ ਦੀ ਪੁਲਿਸ ਨੇ ਦੱਸਿਆ ਕਿ ਕੁੜੀ ਨੇ ਇਹ ਪੋਲ–ਪੋਸਟ ਫ਼ੋਟੋ ਸ਼ੇਅਰਿੰਗ ਐਪ 'ਤੇ ਪਾਈ ਸੀ। ਇਸੇ ਦੌਰਾਨ ਇਕ ਵਕੀਲ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਨੇ ਪੋਲ 'ਤੇ 'ਹਾਂ' ਵਿਚ ਆਪਣੀ ਵੋਟ ਪਾਈ ਹੈ, ਉਨ੍ਹਾਂ 'ਤੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲੱਗ ਸਕਦਾ ਹੈ। 

ਵਕੀਲ ਤੇ ਪੇਨਾਗ ਦੇ ਐਨਸਟੇਟ ਦੇ ਸੰਸਦ ਮੈਂਬਰ ਰਾਮ ਕ੍ਰਿਪਾਲ ਸਿੰਘ ਨੇ ਕਿਹਾ ਕਿ ਜੇ ਪੋਲ ਵਿਚ ਭਾਗ ਲੈਣ ਵਾਲੇ ਲੋਕ ਕੁੜੀ ਨੂੰ 'ਹਾਂ' ਵਿਚ ਦੇ ਕੇ ਉਸ ਨੂੰ ਨਿਰਾਸ਼ ਨਾ ਕਰਦੇ ਤਾਂ ਉਹ ਕੁੜੀ ਅੱਜ ਜਿਊਂਦੀ ਹੁੰਦੀ। ਦੱਸ ਦਈਏ ਕਿ ਮਲੇਸ਼ੀਆ ਵਿਚ ਖ਼ੁਦਕੁਸ਼ੀ ਦੀ ਕੋਸ਼ਿਸ਼ ਜਿੱਥੇ ਇਕ ਅਪਰਾਧ ਹੈ, ਉੱਥੇ ਕਿਸੇ ਨੂੰ ਖ਼ੁਦਕੁਸ਼ੀ ਲਈ ਉਕਸਾਉਣਾ ਵੀ ਕਿਸੇ ਅਪਰਾਧ ਤੋਂ ਘੱਟ ਨਹੀਂ ਹੈ।

ਮਲੇਸ਼ੀਆ ਵਿਚ ਵਿਸ਼ੇਸ਼ ਤੌਰ 'ਤੇ ਅਜਿਹੇ ਮਾਮਲੇ ਰੋਕਣ ਲਈ ਬੀਤੇ ਫਰਵਰੀ ਮਹੀਨੇ ਆਇਆ ਇੰਸਟਾਗ੍ਰਾਮ ਦਾ ਫ਼ੀਚਰ 'ਸੰਵੇਦਨਸ਼ੀਲ ਸਕ੍ਰੀਨ' ਇਨ੍ਹਾਂ ਨੂੰ ਰੋਕਣ ਵਿਚ ਨਾਕਾਮ ਰਿਹਾ। ਇਸ ਫ਼ੀਚਰ ਰਾਹੀਂ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਤਸਵੀਰਾਂ ਨੂੰ ਬਲਾਕ ਕੀਤਾ ਜਾ ਸਕਦਾ ਸੀ।

ਇਹ ਕਦਮ ਉਦੋਂ ਚੁੱਕਿਆ ਗਿਆ ਸੀ ਜਦੋਂ 2017 ਵਿਚ 14 ਸਾਲਾਂ ਦੀ ਬ੍ਰਿਟਿਸ਼ ਕੁੜੀ ਮੌਲੀ ਰੱਸੇਲ ਨੇ ਆਪਣੀ ਜਾਨ ਲੈ ਲਈ ਸੀ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਖ਼ੁਦਕੁਸ਼ੀ ਦੀਆਂ ਤਸਵੀਰਾਂ ਵੇਖੀਆਂ ਸਨ। ਹੁਣ ਫਿਰ ਤੋਂ ਅਜਿਹੇ ਰੁਝਾਨ 'ਤੇ ਰੋਕ ਲਗਾਏ ਜਾਣ ਦੀ ਮੰਗ ਜ਼ੋਰ ਫੜਦੀ ਨਜ਼ਰ ਆ ਰਹੀ ਹੈ।