ਅਫ਼ਗਾਨਿਸਤਾਨ ਛੱਡਣ ਸਮੇਂ 4 ਕਾਰਾਂ ਤੇ ਹੈਲੀਕਾਪਟਰ ਵਿਚ ਪੈਸੇ ਭਰ ਲੈ ਗਏ ਰਾਸ਼ਟਰਪਤੀ ਅਸ਼ਰਫ ਗਨੀ- ਰਿਪੋਰਟ
ਕਾਬੁਲ 'ਤੇ ਤਾਲਿਬਾਨ ਦੇ ਕਬਜ਼ੇ ਦੀ ਖ਼ਬਰ ਤੋਂ ਕੁਝ ਘੰਟੇ ਪਹਿਲਾਂ ਸਭ ਤੋਂ ਵੱਡੀ ਖ਼ਬਰ ਇਹ ਸੀ ਕਿ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਦੇਸ਼ ਛੱਡ ਕੇ ਚਲੇ ਗਏ ਹਨ।
ਨਵੀਂ ਦਿੱਲੀ: ਕਾਬੁਲ 'ਤੇ ਤਾਲਿਬਾਨ ਦੇ ਕਬਜ਼ੇ ਦੀ ਖ਼ਬਰ ਤੋਂ ਕੁਝ ਘੰਟੇ ਪਹਿਲਾਂ ਸਭ ਤੋਂ ਵੱਡੀ ਖ਼ਬਰ ਇਹ ਸੀ ਕਿ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਦੇਸ਼ ਛੱਡ ਕੇ ਚਲੇ ਗਏ ਹਨ। ਪਹਿਲਾਂ ਖ਼ਬਰ ਆਈ ਸੀ ਕਿ ਉਹ ਕਿਸੇ ਗੁਆਂਢੀ ਦੇਸ਼ ਗਏ ਸੀ ਪਰ ਫਿਲਹਾਲ ਉਹ ਕਿੱਥੇ ਹੈ ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ। ਹਾਲਾਂਕਿ ਕਾਬੁਲ ਵਿਚ ਰੂਸੀ ਦੂਤਾਵਾਸ ਨੇ ਉਹਨਾਂ ਦੇ ਦੇਸ਼ ਛੱਡਣ ਬਾਰੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਰੂਸੀ ਦੂਤਾਵਾਸ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਅਸ਼ਰਫ ਗਨੀ ਅਫਗਾਨਿਸਤਾਨ ਤੋਂ ਜਾਂਦੇ ਸਮੇਂ ਚਾਰ ਕਾਰਾਂ ਅਤੇ ਇਕ ਹੈਲੀਕਾਪਟਰ ਵਿਚ ਪੈਸੇ ਭਰ ਕੇ ਆਪਣੇ ਨਾਲ ਲੈ ਗਏ।
ਹੋਰ ਪੜ੍ਹੋ: ਅਫ਼ਗਾਨਿਸਤਾਨ ਦੀ ਪਹਿਲੀ ਮੇਅਰ ਦਾ ਬਿਆਨ ‘ਤਾਲਿਬਾਨ ਆਵੇ ਮੈਨੂੰ ਤੇ ਮੇਰੇ ਵਰਗੇ ਲੋਕਾਂ ਨੂੰ ਮਾਰ ਦੇਵੇ’
ਕਿਹਾ ਗਿਆ ਕਿ ਪੈਸਾ ਇੰਨਾ ਜ਼ਿਆਦਾ ਸੀ ਕਿ ਉਹ ਸਾਰੀਆਂ ਕਾਰਾਂ ਅਤੇ ਹੈਲੀਕਾਪਟਰ ਵਿਚ ਪੂਰਾ ਨਹੀਂ ਆਇਆ ਤੇ ਉਹ ਇੱਥੇ ਹੀ ਛੱਡ ਗਏ। ਦੱਸ ਦੇਈਏ ਕਿ 15 ਅਗਸਤ ਨੂੰ ਅਸ਼ਰਫ ਗਨੀ ਨੇ ਇਹ ਕਹਿ ਕੇ ਦੇਸ਼ ਛੱਡ ਦਿੱਤਾ ਸੀ ਕਿ ਉਹ ਖੂਨ -ਖਰਾਬਾ ਨਹੀਂ ਚਾਹੁੰਦੇ ਸਨ।ਤਾਲਿਬਾਨ ਦੇ ਅਫਗਾਨਿਸਤਾਨ 'ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਤੋਂ ਬਾਅਦ, ਬਹੁਤ ਸਾਰੇ ਪੱਛਮੀ ਦੇਸ਼ਾਂ ਨੇ ਜਲਦਬਾਜ਼ੀ ਵਿਚ ਆਪਣੇ ਦੂਤਾਵਾਸ ਬੰਦ ਕਰ ਦਿੱਤੇ ਅਤੇ ਲੋਕਾਂ ਨੂੰ ਉੱਥੋਂ ਕੱਢ ਦਿੱਤਾ। ਉੱਥੇ ਹੀ ਰੂਸ ਉਹਨਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ, ਜੋ ਅਜੇ ਵੀ ਅਫਗਾਨਿਸਤਾਨ ਵਿੱਚ ਹੈ। ਰੂਸ ਦਾ ਕਹਿਣਾ ਹੈ ਕਿ ਉਹ ਕਾਬੁਲ ਵਿੱਚ ਆਪਣੀ ਕੂਟਨੀਤਕ ਮੌਜੂਦਗੀ ਕਾਇਮ ਰੱਖੇਗਾ। ਉਹਨਾਂ ਨੂੰ ਉਮੀਦ ਹੈ ਕਿ ਤਾਲਿਬਾਨ ਨਾਲ ਬਿਹਤਰ ਸੰਬੰਧ ਬਣਾਏ ਜਾ ਸਕਦੇ ਹਨ।
ਹੋਰ ਪੜ੍ਹੋ: Air Force ਦਾ ਜਹਾਜ਼ ਪਹੁੰਚਿਆ ਗੁਜਰਾਤ ਦੇ ਜਾਮਨਗਰ, ਕਾਬੁਲ ’ਚ ਫਸੇ 120 ਭਾਰਤੀ ਸੁਰੱਖਿਅਤ ਪਰਤੇ ਦੇਸ਼
ਰੂਸੀ ਸਮਾਚਾਰ ਏਜੰਸੀ ਆਰਆਈਏ ਨੂੰ ਰੂਸੀ ਦੂਤਾਵਾਸ ਦੇ ਬੁਲਾਰੇ ਇਹ ਜਾਣਕਾਰੀ ਦਿੱਤੀ ਕਿ ਜਿੱਥੋਂ ਤੱਕ ਪਿਛਲੀ ਸਰਕਾਰ ਦੇ ਪਤਨ ਦਾ ਸਵਾਲ ਹੈ, ਇਸ ਨੂੰ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਦੇਸ਼ ਛੱਡਣ ਦੇ ਤਰੀਕੇ ਤੋਂ ਹੀ ਸਮਝਿਆ ਜਾ ਸਕਦਾ ਹੈ। ਪੈਸੇ ਨਾਲ ਭਰੀਆਂ ਚਾਰ ਕਾਰਾਂ, ਉਸ ਤੋਂ ਬਾਅਦ ਬਚੇ ਪੈਸੇ ਨੂੰ ਹੈਲੀਕਾਪਟਰ ਵਿੱਚ ਭਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਜੇਕਰ ਕੁਝ ਪੈਸਾ ਬਚਿਆ ਤਾਂ ਇਸ ਨੂੰ ਸੜਕ 'ਤੇ ਛੱਡ ਕੇ ਚਲੇ ਗਏ।
ਹੋਰ ਪੜ੍ਹੋ:UP ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦਾ ਪ੍ਰਦਰਸ਼ਨ, ਸ਼ੀਸ਼ਾ ਲੈ ਕੇ ਪਹੁੰਚੇ ਵਿਧਾਇਕ
ਰੂਸੀ ਦੂਤਾਵਾਸ ਦੇ ਬੁਲਾਰੇ ਇਸ਼ਚੇਨਕੋ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਵੀ ਇਹੀ ਗੱਲ ਦੱਸੀ। ਉਸ ਨੇ ਇਸ ਲਈ ਇੱਕ ਚਸ਼ਮਦੀਦ ਗਵਾਹ ਦਾ ਹਵਾਲਾ ਦਿੱਤਾ। ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵਿਸ਼ੇਸ਼ ਪ੍ਰਤੀਨਿਧੀ ਜ਼ਮੀਰ ਕਾਬਲੋਵ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਭੱਜਣ ਤੋਂ ਪਹਿਲਾਂ ਅਫਗਾਨ ਸਰਕਾਰ ਨੇ ਕਿੰਨਾ ਪੈਸਾ ਪਿੱਛੇ ਛੱਡਿਆ ਸੀ। ਕਾਬਲੋਵ ਨੇ ਮਾਸਕੋ ਦੇ ਇੱਕ ਰੇਡੀਓ ਸਟੇਸ਼ਨ ਨੂੰ ਦੱਸਿਆ ਕਿ- “ਮੈਨੂੰ ਉਮੀਦ ਹੈ ਕਿ ਭਗੌੜੀ ਸਰਕਾਰ ਨੇ ਆਪਣੇ ਨਾਲ ਸਾਰੇ ਬਜਟ ਦੇ ਪੈਸੇ ਨਹੀਂ ਲਏ ਹੋਣਗੇ। ਜੇ ਕੁਝ ਬਚਿਆ ਹੈ, ਤਾਂ ਇਹ ਬਜਟ ਦਾ ਆਧਾਰ ਹੋਵੇਗਾ।”
ਹੋਰ ਪੜ੍ਹੋ:ਕਾਬੁਲ ਉੱਤੇ ਕਬਜ਼ਾ ਕਰਨ ਤੋਂ ਬਾਅਦ ਪਾਰਕ ਵਿੱਚ ਮਸਤੀ ਕਰਦੇ ਦਿਖਾਈ ਦਿੱਤੇ ਤਾਲਿਬਾਨੀ
ਅਫਗਾਨਿਸਤਾਨ ਵਿੱਚ ਇਸ ਵੇਲੇ ਅਨਿਸ਼ਚਿਤਤਾ ਦੀ ਸਥਿਤੀ ਬਣੀ ਹੋਈ ਹੈ। 15 ਅਗਸਤ ਨੂੰ ਰਾਜਧਾਨੀ ਕਾਬੁਲ ਉੱਤੇ ਕਬਜ਼ਾ ਕਰਨ ਤੋਂ ਬਾਅਦ, ਇਹ ਅਜੇ ਤੈਅ ਨਹੀਂ ਹੋਇਆ ਹੈ ਕਿ ਦੇਸ਼ ਵਿੱਚ ਕਿਸ ਤਰ੍ਹਾਂ ਦੀ ਸਰਕਾਰ ਹੋਵੇਗੀ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਿਰਫ ਤਾਲਿਬਾਨੀ ਲੜਾਕੇ ਹੀ ਸੜਕਾਂ 'ਤੇ ਮੌਜੂਦ ਹਨ। ਇਸ ਵੇਲੇ ਪਾਕਿਸਤਾਨ ਅਤੇ ਚੀਨ ਵਰਗੇ ਦੇਸ਼ ਲਗਾਤਾਰ ਉਮੀਦ ਜਤਾ ਰਹੇ ਹਨ ਕਿ ਤਾਲਿਬਾਨ ਖੇਤਰ ਵਿੱਚ ਸ਼ਾਂਤੀ ਲਈ ਵਚਨਬੱਧ ਹੈ ਅਤੇ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ।