'ਸਿੱਖਸ ਫਾਰ ਜਸਟਿਸ' ਦਾ ਸਮਰਥਨ ਕਰ ਹਾਰਡ ਕੌਰ ਨੇ ਭਾਰਤ ਸਰਕਾਰ ਨੂੰ ਲਲਕਾਰਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੰਜਾਬੀ ਰੈਪਰ ਹਾਰਡ ਕੌਰ ਨੇ ਕੀਤਾ 'ਰੈਫਰੈਂਡਮ-2020' ਦਾ ਸਮਰਥਨ

Hard Kaur

ਲੰਡਨ: ਬ੍ਰਿਟੇਨ ਦੀ ਪੰਜਾਬੀ ਰੈਪਰ ਤਰਨ ਕੌਰ ਢਿੱਲੋਂ, ਜਿਸ ਨੂੰ ਹਾਰਡ ਕੌਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਪੰਜਾਬ ਵਿਚ ਸਿੱਖਾਂ ਲਈ ਵੱਖਰੇ ਹੋਮਲੈਂਡ ਦੀ ਮੰਗ ਕਰਨ ਵਾਲੇ ਕੱਟੜਪੰਥੀ 'ਰੈਫਰੈਂਡਮ-2020' ਮੁਹਿੰਮ ਵਿਚ ਸ਼ਾਮਲ ਹੋ ਗਈ ਹੈ। ਭਾਰਤ ਨੇ ਪਿਛਲੇ ਹਫ਼ਤੇ ਕਥਿਤ ਦੇਸ਼ ਵਿਰੋਧੀ ਗਤੀਵਿਧੀਆਂ ਕਾਰਨ ਖ਼ਾਲਿਸਤਾਨੀ ਗਰੁੱਪ ਐਸਐਫਜੇ 'ਤੇ ਪਾਬੰਦੀ ਲਗਾਈ ਸੀ। ਚਾਰ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਵੀਡੀਓ ਵਿਚ ਹਾਰਡ ਕੌਰ ਰੈਫਰੈਂਡਮ ਦਾ ਸਮਰਥਨ ਕਰਦੇ ਹੋਏ ਲੋਕਾਂ ਨੂੰ ਖ਼ਾਲਿਸਤਾਨ ਲਈ ਵੋਟ ਕਰਨ ਦੀ ਅਪੀਲ ਕਰਦੇ ਹੋਏ ਦਿਖਾਈ ਦੇ ਰਹੀ ਹੈ।

 

 

ਅਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੇ ਗਏ ਦੋ ਵੀਡੀਓ ਵਿਚ ਉਹ 'ਪੰਜਾਬ ਰੈਫਰੈਂਡਮ 2020 ਖ਼ਾਲਿਸਤਾਨ' ਦੀ ਟੀ ਸ਼ਰਟ ਪਹਿਨੇ ਹੋਏ ਦਿਖਾਈ ਦੇ ਰਹੀ ਹੈ। ਹਾਰਡ ਕੌਰ ਨੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਪ੍ਰਸ਼ੰਸਾ ਵਿਚ ਰਵਾਇਤੀ ਸਿੱਖ ਗਾਇਕ ਤਰਸੇਮ ਸਿੰਘ ਮੋਰਾਂਵਾਲੀ ਵਲੋਂ ਗਾਏ ਗਏ ਗੀਤਾਂ ਨੂੰ ਵੀ ਸਾਂਝਾ ਕੀਤਾ।

 

 

ਹੋਰ ਤਾਂ ਹੋਰ ਪੰਜਾਬ ਦੀ ਇਸ ਗਾਇਕਾ ਨੇ ਖ਼ਾਲਿਸਤਾਨ ਦਾ ਵਿਰੋਧ ਕਰਨ ਵਾਲਿਆਂ ਨੂੰ 'ਮੂਰਖ਼' ਤਕ ਆਖ ਦਿੱਤਾ। ਇਸ ਦੇ ਨਾਲ ਹੀ ਰੈਪਰ ਹਾਰਡ ਕੌਰ ਨੇ ਅਪਣੇ ਪੋਸਟ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਟੈਗ ਕੀਤਾ ਅਤੇ ਮੁੱਖ ਮੰਤਰੀ ਦੇ ਵਿਰੁੱਧ ਗ਼ਲਤ ਭਾਸ਼ਾ ਦੀ ਵਰਤੋਂ ਕੀਤੀ। ਜ਼ਿਕਰਯੋਗ ਹੈ ਕਿ ਕੁੱਝ ਕੱਟੜਪੰਥੀਆਂ ਵੱਲੋਂ ਵਿਦੇਸ਼ਾਂ ਵਿਚ 'ਰੈਫਰੈਂਡਮ 2020' ਨੂੰ  ਹਵਾ ਦਿੱਤੀ ਜਾ ਰਹੀ ਹੈ ਅਤੇ ਸਿੱਖ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਜਿਸ ਵਿਚ ਹੁਣ ਹਾਰਡ ਕੌਰ ਦਾ ਨਾਂਅ ਵੀ ਸ਼ਾਮਲ ਹੋ ਗਿਆ ਹੈ। ਜਦਕਿ ਪੰਜਾਬ ਵਿਚ ਇਸ ਲਹਿਰ ਦਾ ਕੋਈ ਅਸਰ ਨਹੀਂ ਹੈ।

ਦੱਸ ਦਈਏ ਕਿ ਕਰੀਬ ਇਕ ਮਹੀਨਾ ਪਹਿਲਾਂ ਹਾਰਡ ਕੌਰ ਨੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੇ ਵਿਰੁਧ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ, ਜਿਸ ਤੋਂ ਬਾਅਦ ਹਾਰਡ ਕੌਰ 'ਤੇ ਰਾਜਧ੍ਰੋਹ ਦਾ ਦੋਸ਼ ਲਗਾਉਂਦੇ ਹੋਏ ਨਵੀਂ ਦਿੱਲੀ ਵਿਚ ਮਾਮਲਾ ਦਰਜ ਕੀਤਾ ਗਿਆ ਸੀ।

Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ