ਸਿੱਖਜ਼ ਫ਼ਾਰ ਜਸਟਿਸ 'ਤੇ ਪਾਬੰਦੀ ਲਗਾਉਣ ਦਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਲੋਂ ਵਿਰੋਧ
ਕਿਹਾ - ਭਾਰਤ ਦੀ ਭਾਜਪਾ ਸਰਕਾਰ ਵਲੋਂ ਕੀਤਾ ਗਿਆ ਇਹ ਬੇਹੱਦ ਸ਼ਰਮਨਾਕ ਕਾਰਾ ਹੈ
ਭਗਤਾ ਭਾਈ : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਖ਼ਜ਼ਾਨਚੀ ਗੁਰਦੀਪ ਸਿੰਘ ਵੈਰੋਕੇ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੂਬਾ ਆਗੂ ਦਰਸ਼ਨਪਾਲ ਪਟਿਆਲਾ, ਗੁਰਮੀਤ ਸਿੰਘ ਮਹਿਮਾ ਫ਼ਿਰੋਜ਼ਪੁਰ, ਰੇਸ਼ਮ ਸਿੰਘ ਮਿੱਡਾ ਫ਼ਾਜ਼ਿਲਕਾ, ਭਜਨ ਸਿੰਘ ਘੁੰਮਣ ਮਾਨਸਾ, ਬਲਵੰਤ ਸਿੰਘ ਮਹਿਰਾਜ ਬਠਿੰਡਾ ਅਤੇ ਲਾਲ ਸਿੰਘ ਗੋਲੇਵਾਲਾ ਫ਼ਰੀਦਕੋਟ ਨੇ ਭਾਗ ਲਿਆ।
ਮੀਟਿੰਗ ਵਿਚ ਕਿਸਾਨੀ ਮੰਗਾਂ ਮਸਲਿਆਂ 'ਤੇ ਵਿਚਾਰ ਚਰਚਾ ਕਰਨ ਅਤੇ ਭਵਿੱਖ ਦੇ ਕਾਰਜ ਉਲੀਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਆਗੂ ਅਵਤਾਰ ਸਿੰਘ ਮਹਿਮਾ ਨੇ ਦਸਿਆ ਕਿ ਪਿਛਲੇ ਦਿਨੀਂ ਇਕ ਸਿੱਖ ਜਥੇਬੰਦੀ ਸਿੱਖਜ਼ ਫ਼ਾਰ ਜਸਟਿਸ 'ਤੇ ਭਾਰਤ ਸਰਕਾਰ ਵਲੋਂ ਜੋ ਪਾਬੰਦੀ ਲਗਾਈ ਗਈ ਹੈ, ਉਸ ਦਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਿਰੋਧ ਕਰਦੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੀ ਭਾਜਪਾ ਸਰਕਾਰ ਵਲੋਂ ਕੀਤਾ ਗਿਆ ਇਹ ਬੇਹੱਦ ਸ਼ਰਮਨਾਕ ਕਾਰਾ ਹੈ, ਕੇਂਦਰ ਦੀ ਸਰਕਾਰ ਵਲੋਂ ਸੂਬਿਆਂ ਦੇ ਸਾਰੇ ਹੱਕ ਖੋਹੇ ਜਾ ਰਹੇ ਹਨ ਤੇ ਧਾਰਮਕ ਘੱਟ ਗਿਣਤੀਆਂ ਸਿੱਖਾਂ, ਮੁਸਲਮਾਨਾਂ, ਦਲਿਤਾਂ, ਅਦਿਵਾਸੀਆਂ, ਕਸ਼ਮੀਰੀਆਂ ਅਤੇ ਭਾਰਤ ਅੰਦਰ ਆਜ਼ਾਦੀ ਲਈ ਲੜ ਰਹੀਆਂ ਕੌਮਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਆਉਣ ਵਾਲੇ ਦਿਨਾਂ ਵਿਚ ਆੜ੍ਹਤੀਆਂ ਪ੍ਰਬੰਧ ਅਤੇ ਸੂਦਖੋਰੀ ਪ੍ਰਬੰਧ ਨੂੰ ਖ਼ਤਮ ਕਰਵਾਉਣ ਲਈ ਸੰਘਰਸ਼ ਕਰੇਗੀ ਤਾਕਿ ਕਿਸਾਨਾਂ ਨੂੰ ਲੁੱਟ ਤੋਂ ਬਚਾਇਆ ਜਾ ਸਕੇ।