ਚੀਨ ਵੱਲੋਂ ਨਕਲੀ ਸੂਰਜ ਬਣਾਉਣ ਦੀ ਯੋਜਨਾ, ਅਸਲੀ ਸੂਰਜ ਤੋਂ 6 ਗੁਣਾ ਵੱਧ ਹੋਵੇਗਾ ਗਰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਿਥੇ ਅਸਲੀ ਸੂਰਜ ਦਾ ਕੋਰ ਲਗਭਗ 1.50 ਕਰੋੜ ਡਿਗਰੀ ਸੈਲਸੀਅਲ ਤੱਕ ਗਰਮ ਹੁੰਦਾ ਹੈ, ਉਥੇ ਚੀਨ ਦਾ ਨਵਾਂ ਸੂਰਜ 10 ਕਰੋੜ ਡਿਗਰੀ ਸੈਲਸੀਅਸ ਤੱਕ ਦੀ ਗਰਮੀ ਪੈਦਾ ਕਰ ਸਕੇਗਾ।

EAST

ਬੀਜਿੰਗ, ( ਭਾਸ਼ਾ ) : ਚੀਨ ਦੇ ਵਿਗਿਆਨੀ ਸਾਫ ਊਰਜਾ ਪੈਦਾ ਕਰਨ ਦੇ ਉਦੇਸ਼ ਨਾਲ ਇਕ ਨਕਲੀ ਸੂਰਜ ਬਣਾਉਣ ਦੀ ਤਿਆਰੀ ਵਿਚ ਹਨ। ਇਹ ਅਸਲੀ ਸੂਰਜ ਦੇ ਮੁਕਾਬਲੇ 6 ਗੁਣਾ ਵੱਧ ਗਰਮ ਹੋਵੇਗਾ। ਜਿਥੇ ਅਸਲੀ ਸੂਰਜ ਦਾ ਕੋਰ ਲਗਭਗ 1.50 ਕਰੋੜ ਡਿਗਰੀ ਸੈਲਸੀਅਲ ਤੱਕ ਗਰਮ ਹੁੰਦਾ ਹੈ, ਉਥੇ ਹੀ ਚੀਨ ਦਾ ਇਹ ਨਵਾਂ ਸੂਰਜ 10 ਕਰੋੜ ਡਿਗਰੀ ਸੈਲਸੀਅਸ ਤੱਕ ਦੀ ਗਰਮੀ ਪੈਦਾ ਕਰ ਸਕੇਗਾ। ਚੀਨ ਦੀ ਅਕੈਡਮੀ ਆਫ ਸਾਇੰਸ ਨਾਲ ਜੁੜੇ ਇੰਸਟੀਚਿਊਟ ਆਫ ਪਲਾਜ਼ਮਾ ਫਿਜ਼ਿਕਸ ਮੁਤਾਬਕ ਨਕਲੀ ਸੂਰਜ 'ਤੇ ਜਾਂਚ ਜਾਰੀ ਹੈ।

ਇਸ ਨੂੰ ਐਕਸਪੈਰੀਮੇਂਟਲ ਅਡਵਾਂਸ ਸੁਪਰਕੰਡਕਟਿੰਗ ਟੋਕਾਮਕ (ਈਸਟ) ਨਾਮ ਦਿਤਾ ਗਿਆ ਹੈ। ਇਸ ਨੂੰ ਬਿਲਕੁਲ ਅਸਲੀ ਸੂਰਜ ਦੀ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ। ਇਹ ਸੋਲਰ ਸਿਸਟਮ ਦੇ ਮੱਧ ਵਿਚ ਸਥਿਤ ਕਿਸੇ ਤਾਰੇ ਦੀ ਤਰ੍ਹਾਂ ਹੀ ਊਰਜਾ ਦਾ ਭੰਡਾਰ ਉਪਲਬਧ ਕਰਵਾਏਗਾ। ਈਸਟ ਨੂੰ ਇਕ ਮਸ਼ੀਨ ਰਾਹੀ ਪੈਦਾ ਕੀਤਾ ਜਾਂਦਾ ਹੈ। ਇਸ ਮਸ਼ੀਨ ਦਾ ਆਕਾਰ ਮੱਧ ਵਿਚਾਲੇ ਗੋਲ ਡੋਨਟ ਦੀ ਤਰ੍ਹਾਂ ਹੈ। ਇਸ ਵਿਚ ਨਿਊਕਲੀਅਰ ਫਿਊਜ਼ਨ ਰਾਹੀ ਗਰਮੀ ਪੈਦਾ ਕੀਤੀ ਜਾ ਸਕਦੀ ਹੈ। ਇਸ ਨੂੰ ਇਕ ਦਿਨ ਲਈ ਚਾਲੂ ਕਰਨ ਦਾ ਖਰਚ 15 ਹਾਜ਼ਰ ਡਾਲਰ ਹੈ।

ਇਸ ਮਸ਼ੀਨ ਨੂੰ ਚੀਨ ਦੇ ਅਨਹੁਈ ਰਾਜ ਵਿਖੇ ਰੱਖਿਆ ਗਿਆ ਹੈ। ਈਸਟ ਨੂੰ ਮੁੱਖ ਤੌਰ ਤੇ ਨਿਊਕਲੀਅਰ ਫਿਊਜ਼ਨ ਦੇ ਪਿੱਛੇ ਦਾ ਵਿਗਿਆਨ ਸਮਝਣ ਅਤੇ ਉਸ ਨੂੰ ਧਰਤੀ ਤੇ ਊਰਜਾ ਦੇ ਨਵੇਂ ਵਿਕਲਪ ਦੇ ਤੌਰ ਤੇ ਵਰਤੇ ਜਾਣ ਲਈ ਬਣਾਇਆ ਗਿਆ ਹੈ। ਆਉਣ ਵਾਲੇ ਸਮੇਂ ਵਿਚ ਇਹ ਤਕਨੀਕ ਸਾਫ ਊਰਜਾ ਪੈਦਾ ਕਰਨ ਦਾ ਇਕ ਮੁਖ ਸਰੋਤ ਹੋਵੇਗਾ। ਦਰਅਸਲ ਦੁਨੀਆ ਵਿਚ ਇਸ ਵੇਲੇ ਨਿਊਕਲੀਅਰ ਫਿਊਜ਼ਨ ਰਾਹੀ ਊਰਜਾ ਪੈਦਾ ਕੀਤੀ ਜਾ ਰਹੀ ਹੈ। ਇਸ ਨਾਲ ਪੈਦਾ ਹੋਣ ਵਾਲਾ ਜ਼ਹਿਰੀਲਾ ਨਿਊਕਲੀਅਰ ਕੂੜਾ ਮਨੁੱਖਤਾ ਲਈ ਬਹੁਤ ਖ਼ਤਰਨਾਕ ਹੈ।

ਚੀਨ ਪਹਿਲਾਂ ਹੀ ਰੌਸ਼ਨੀ ਦੇ ਨਵੇਂ ਸਰੋਤ ਦੇ ਤੌਰ ਤੇ ਅਸਮਾਨ ਵਿਚ ਨਕਲੀ ਚੰਦਰਮਾਂ ਲਗਾਉਣ ਦੀ ਗੱਲ ਕਹਿ ਚੁੱਕਾ ਹੈ। ਇਸ ਦੇ ਰਾਹੀ ਵਿਗਿਆਨੀ ਰਾਤ ਨੂੰ ਦੇਸ਼ ਦੀਆਂ ਸੜਕਾਂ ਰੌਸ਼ਨ ਕਰਵਾਉਣਾ ਚਾਹੁੰਦੇ ਹਨ। ਇਸ ਦੇ ਲਈ ਕੁਝ ਸੈਟੇਲਾਈਟਸ ਦੀ ਵਰਤੋਂ ਕੀਤੀ ਜਾਵੇਗੀ ਜੋ ਊਰਜਾ ਨੂੰ ਬਚਾਉਣ ਦਾ ਕੰਮ ਕਰੇਗਾ। ਇਸ ਨੂੰ 2022 ਤੱਕ ਲਾਂਚ ਕੀਤਾ ਜਾ ਸਕਦਾ ਹੈ।