ਗਰੀਬੀ ਦੂਰ ਕਰਨ ਲਈ ਚੀਨ ਤੋਂ ਸਿੱਖਿਆ ਲਵੇਗਾ ਪਾਕਿਸਤਾਨ : ਪੀਐਮ ਇਮਰਾਨ ਖਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਮੁਲਕ ਵਿਚ ਗਰੀਬੀ ਦੂਰ ਕਰਨ ਲਈ ਸਾਨੂੰ ਚੀਨ ਦੇ ਗਰੀਬੀ ਹਟਾਉਣ ਤੋਂ ਸਿੱਖਿਆ ਲੈਣ ਦੀ ਜ਼ਰੂਰਤ ਹੈ। ...

Imran Khan

ਇਸਲਾਮਾਬਾਦ (ਭਾਸ਼ਾ) :- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਮੁਲਕ ਵਿਚ ਗਰੀਬੀ ਦੂਰ ਕਰਨ ਲਈ ਸਾਨੂੰ ਚੀਨ ਦੇ ਗਰੀਬੀ ਹਟਾਉਣ ਤੋਂ ਸਿੱਖਿਆ ਲੈਣ ਦੀ ਜ਼ਰੂਰਤ ਹੈ। ਲਾਹੌਰ ਵਿਚ ਸ਼ਨੀਵਾਰ ਨੂੰ ਇਕ ਸ਼ੇਲਟਰ ਹੋਮ ਦੇ ਉਦਘਾਟਨ ਦੇ ਦੌਰਾਨ ਇਮਰਾਨ ਨੇ ਕਿਹਾ ਕਿ ਚੀਨ ਨੇ ਪਿਛਲੇ ਤਿੰਨ ਦਹਾਕੇ ਵਿਚ ਆਪਣੇ 70 ਕਰੋੜ ਨਾਗਰਿਕਾਂ ਨੂੰ ਗਰੀਬੀ ਰੇਖਾ ਤੋਂ ਉੱਪਰ ਚੁੱਕਿਆ ਹੈ। ਇਹ ਦੁਨੀਆ ਦੇ ਇਤਹਾਸ ਵਿਚ ਨਾ ਭੁਲਾਉਣ ਵਾਲੀ ਉਪਲਬਧੀ ਹੈ।

ਪਾਕਿਸਤਾਨ ਇਸ ਤੋਂ ਸਿਖਿਆ ਲਵੇਗਾ। ਮੁਲਕ ਦੀ ਖਸਤਾਹਾਲ ਅਰਥ ਵਿਵਸਥਾ ਨੂੰ ਉਬਾਰਨ ਵਿਚ ਆਰਥਕ ਮਦਦ ਲੈਣ ਲਈ ਇਮਰਾਨ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਚੀਨ ਦਾ ਦੌਰਾ ਕੀਤਾ ਸੀ। ਇਮਰਾਨ ਨੇ ਕਿਹਾ ਕਿ ਗਰੀਬੀ ਹਟਾਉਣ ਬਾਰੇ ਵਿਆਪਕ ਰਣਨੀਤੀ ਬਣਾਉਣ ਦੇ ਸਬੰਧ ਵਿਚ ਅਸੀਂ ਚੀਨ ਤੋਂ ਮਦਦ ਲੈ ਰਹੇ ਹਾਂ। ਦੇਸ਼ ਦੇ ਇਤਹਾਸ ਵਿਚ ਪਹਿਲੀ ਵਾਰ ਮੇਰੀ ਸਰਕਾਰ ਗਰੀਬੀ ਦੇ ਖ਼ਾਤਮੇ ਲਈ ਜਲਦੀ ਹੀ ਪੈਕੇਜ ਲੈ ਕੇ ਆਵੇਗੀ, ਤਾਂਕਿ ਲੋਕਾਂ ਨੂੰ ਗਰੀਬੀ ਦੀ ਰੇਖਾ ਤੋਂ ਉੱਤੇ ਚੁੱਕਿਆ ਜਾ ਸਕੇ।

ਇਸ ਦੇ ਲਈ ਕ੍ਰਮਬੱਧ ਕੋਸ਼ਸ਼ਾਂ ਦੀ ਇਕ ਲੜੀ ਦੀ ਜ਼ਰੂਰਤ ਹੋਵੇਗੀ। ਪਾਕਿਸਤਾਨ ਆਰਥਕ ਸਰਵੇ - 2018 ਦੇ ਮੁਤਾਬਕ 20 ਕਰੋੜ ਦੀ ਆਬਾਦੀ ਵਾਲੇ ਪਾਕਿਸਤਾਨ ਵਿਚ 24 ਫੀ ਸਦੀ ਲੋਕ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਜੀਉਣ ਨੂੰ ਮਜਬੂਰ ਹਨ।  ਇਮਰਾਨ ਖਾਨ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਚੀਨੀ ਪੱਖ ਤੋਂ ਪਾਕਿਸਤਾਨ ਵਿਚ ਗਰੀਬੀ ਘਟਾਉਣ ਲਈ ਇਕ ਵਿਆਪਕ ਰਣਨੀਤੀ ਬਣਾਉਣ ਅਤੇ ਨਿਵੇਸ਼ ਨੂੰ ਲੈ ਕੇ ਗੱਲ ਬਾਤ ਸ਼ੁਰੂ ਕਰ ਚੁੱਕੀ ਹੈ।

ਇਮਰਾਨ ਖਾਨ ਇਸ ਮਹੀਨੇ ਦੀ ਸ਼ੁਰੂਆਤ ਵਿਚ ਚੀਨ ਦੇ ਆਧਿਕਾਰਿਕ ਦੌਰੇ ਉੱਤੇ ਗਏ ਸਨ। ਇਮਰਾਨ ਖਾਨ ਨੇ ਕਿਹਾ ਕਿ ਮੇਰੀ ਸਰਕਾਰ ਛੇਤੀ ਹੀ ਗਰੀਬ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਲਈ ਦੇਸ਼ ਦੇ ਇਤਹਾਸ ਵਿਚ ਪਹਿਲੀ ਵਾਰ ਇਕ ਗਰੀਬੀ ਦੂਰ ਕਰਨ ਲਈ ਪੈਕੇਜ ਦੀ ਸ਼ੁਰੂਆਤ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਸ ਉਦੇਸ਼ ਲਈ ਕ੍ਰਮਬੱਧ ਕੋਸ਼ਿਸ਼ ਕੀਤੀਆਂ ਜਾਣਗੀਆਂ।

ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਵੇਂ ਗਰੀਬੀ ਨੂੰ ਦੂਰ ਕਰਨ ਲਈ ਵਿਸ਼ੇਸ਼ ਯੋਜਨਾਵਾਂ ਉਲੀਕੇ ਜਾਣ ਦੀ ਗੱਲ ਆਖੀ ਹੈ ਪਰ ਦੇਖਣਾ ਹੋਵੇਗਾ ਕਿ ਉਨ੍ਹਾਂ ਦੀਆਂ ਇਹ ਯੋਜਨਾਵਾਂ ਕਾਮਯਾਬ ਹੁੰਦੀਆਂ ਹਨ ਜਾਂ ਨਹੀਂ ਕਿਉਂਕਿ ਇਸ ਦੇ ਨਾਲ ਦੇਸ਼ ਵਿਚ ਕੁੱਝ ਹੋਰ ਸਮੱਸਿਆਵਾਂ ਵੀ ਸਿਰ ਚੁੱਕੀਂ ਖੜ੍ਹੀਆਂ ਹਨ ਜੋ ਉਨ੍ਹਾਂ ਦੇ ਰਸਤੇ ਵਿਚ ਆੜੇ ਆ ਸਕਦੀਆਂ ਹਨ।