Ukraine-Russia War: ਈਸਟਰ ’ਤੇ ਜੰਗਬੰਦੀ ਦੇ ਐਲਾਨ ਦੇ ਬਾਵਜੂਦ ਰੂਸੀ ਹਮਲੇ ਜਾਰੀ : ਰਾਸ਼ਟਰਪਤੀ ਜ਼ੇਲੇਂਸਕੀ
ਕਿਹਾ, ਰੂਸ ਦੀਆਂ ਗੱਲਾਂ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਈਸਟਰ ਦੇ ਮੌਕੇ ’ਤੇ 30 ਘੰਟੇ ਦੀ ਜੰਗਬੰਦੀ ਦਾ ਐਲਾਨ ਕੀਤਾ ਹੈ। ਹਾਲਾਂਕਿ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦੋਸ਼ ਲਗਾਇਆ ਹੈ ਕਿ ਜੰਗਬੰਦੀ ਦੇ ਐਲਾਨ ਦੇ ਬਾਵਜੂਦ ਕਈ ਸਰਹੱਦੀ ਖੇਤਰਾਂ ਵਿਚ ਰੂਸੀ ਹਮਲਾ ਜਾਰੀ ਹੈ। ਉਨ੍ਹਾਂ ਕਿਹਾ ਕਿ ਰੂਸ ਦੀਆਂ ਗੱਲਾਂ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ਨੀਵਾਰ (ਸਥਾਨਕ ਸਮੇਂ) ਨੂੰ ਰੂਸ ’ਤੇ ਈਸਟਰ ’ਤੇ ਜੰਗਬੰਦੀ ਦੀ ਮੰਗ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਹ ਰੂਸ ਹੀ ਸੀ ਜਿਸ ਨੇ ਜੰਗਬੰਦੀ ਦੀ ਮੰਗ ਕੀਤੀ ਸੀ ਤੇ ਰੂਸ ਦੇ ਹਮਲੇ ਘੱਟ ਨਹੀਂ ਹੋਏ ਹਨ। ਜ਼ੇਲੇਂਸਕੀ ਨੇ ਕਿਹਾ ਕਿ ਰੂਸੀ ਤੋਪਖਾਨੇ ਦੀ ਗੋਲਾਬਾਰੀ ਘੱਟ ਨਹੀਂ ਹੋਈ ਹੈ। ਇਸ ਲਈ, ਰੂਸ ਤੋਂ ਆਉਣ ਵਾਲੇ ਸ਼ਬਦਾਂ ’ਤੇ ਕੋਈ ਭਰੋਸਾ ਨਹੀਂ ਹੈ।
ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਮਾਸਕੋ ਕਿਵੇਂ ਹੇਰਾਫੇਰੀ ਕਰਦਾ ਹੈ। ਅਸੀਂ ਕਿਸੇ ਵੀ ਚੀਜ਼ ਲਈ ਤਿਆਰ ਹਾਂ। ਰਾਸ਼ਟਰਪਤੀ ਜ਼ੇਲੇਨਸਕੀ ਨੇ ਭਰੋਸਾ ਦਿਤਾ ਕਿ ਰੱਖਿਆ ਬਲ ਤਰਕਸ਼ੀਲਤਾ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਰੂਸ ਦੇ ਹਰ ਹਮਲੇ ਦਾ ਢੁਕਵਾਂ ਜਵਾਬ ਦਿਤਾ ਜਾਵੇਗਾ। ਜ਼ੇਲੇਂਸਕੀ ਨੇ ਇਹ ਵੀ ਕਿਹਾ ਕਿ ਰੂਸ ਨੇ 30 ਦਿਨਾਂ ਦੀ ਪੂਰੀ ਅਤੇ ਬਿਨਾਂ ਸ਼ਰਤ ਜੰਗਬੰਦੀ ਦੇ ਪ੍ਰਸਤਾਵ ਨੂੰ ਰੱਦ ਕਰ ਦਿਤਾ ਹੈ।
ਉਨ੍ਹਾਂ ਕਿਹਾ ਕਿ 30 ਘੰਟੇ ਦੀ ਈਸਟਰ ਜੰਗਬੰਦੀ ‘ਸੱਚਾ ਵਿਸ਼ਵਾਸ’ ਬਣਾਉਣ ਲਈ ਨਾਕਾਫ਼ੀ ਸੀ। ਦਸ ਦਈਏ ਕਿ ਰੂਸ ਅਤੇ ਯੂਕਰੇਨ ਵਿਚਕਾਰ ਜੰਗ 2022 ਵਿਚ ਸ਼ੁਰੂ ਹੋਈ ਸੀ। ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਦੂਜੀ ਵਾਰ ਜੰਗਬੰਦੀ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, ਜਨਵਰੀ 2023 ਵਿਚ ਆਰਥੋਡਾਕਸ ਕ੍ਰਿਸਮਸ ਦੌਰਾਨ ਜੰਗਬੰਦੀ ਦਾ ਐਲਾਨ ਕੀਤਾ ਗਿਆ ਸੀ, ਜੋ ਅਸਫਲ ਰਿਹਾ। ਕਿਉਂਕਿ, ਦੋਵੇਂ ਧਿਰਾਂ ਕਿਸੇ ਪ੍ਰਸਤਾਵ ’ਤੇ ਸਹਿਮਤ ਨਹੀਂ ਹੋ ਸਕੀਆਂ।