ਵੈਨਕੂਵਰ ਸਿਟੀ ਕੌਂਸਲ ਨੇ ਕਾਮਾਗਾਟਾਮਾਰੂ ਦੁਖਾਂਤ ’ਤੇ ਪ੍ਰਗਟਾਇਆ ਅਫ਼ਸੋਸ

ਏਜੰਸੀ

ਖ਼ਬਰਾਂ, ਕੌਮਾਂਤਰੀ

ਉਨ੍ਹਾਂ ਕਿਹਾ ਹੈ ਕਿ ਇਸ ਨਸਲੀ ਵਿਤਕਰੇ ਲਈ ਅਤੇ ਉਸ ਤੋਂ ਬਾਅਦ ਵਾਪਰੇ ਦੁਖਾਂਤ ਲਈ ਸਾਨੂੰ ਸੱਚਮੁਚ ਅਫ਼ਸੋਸ ਹੈ।

Vancouver apologizes for role in Komagata Maru incident

ਸਰੀ : ਵੈਨਕੂਵਰ ਸਿਟੀ ਕੌਂਸਲ ਦੇ ਮੇਅਰ ਕੈਨੇਡੀ ਸਟੀਵਰਟ ਨੇ ਸਿਟੀ ਕੌਂਸਲ ਅਤੇ ਅਪਣੇ ਵਲੋਂ ਕਾਮਾਗਾਟਾਮਾਰੂ ਘਟਨਾ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਇਸ ਦੁਖਾਂਤ ਲਈ ਸਿਟੀ ਵਲੋਂ ਨਿਭਾਈ ਭੂਮਿਕਾ ਲਈ ਖ਼ਾਸ ਤੌਰ ’ਤੇ ਮੁਆਫ਼ੀ ਮੰਗੀ ਹੈ। ਕਾਮਾਗਾਟਾਮਾਰੂ ਦੀ 107ਵੀਂ ਵਰ੍ਹੇਗੰਢ ਮੌਕੇ ਉਨ੍ਹਾਂ ਕਿਹਾ ਹੈ ਕਿ ਇਸ ਨਸਲੀ ਵਿਤਕਰੇ ਲਈ ਅਤੇ ਉਸ ਤੋਂ ਬਾਅਦ ਵਾਪਰੇ ਦੁਖਾਂਤ ਲਈ ਸਾਨੂੰ ਸੱਚਮੁਚ ਅਫ਼ਸੋਸ ਹੈ।

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਵੈਨਕੂਵਰ ਸਿਟੀ ਕੌਂਸਲ ਵਲੋਂ 23 ਮਈ ਨੂੰ ਕਾਮਾਗਾਟਾਮਾਰੂ ਯਾਦਗਾਰੀ ਦਿਵਸ ਵਜੋਂ ਮਨਾਇਆ ਜਾਵੇਗਾ। ਇਸ ਮੌਕੇ ਸਿਟੀ ਵਲੋਂ ਕਾਮਾਗਾਟਾਮਾਰੂ ਯਾਤਰੀਆਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਰਾਹੀਂ ਇਸ ਭਿਆਨਕ ਘਟਨਾ ਨੂੰ ਦਰਸਾਉਂਦੀ ਇਕ ਵੀਡੀਉ ਵੀ ਲਾਂਚ ਕੀਤੀ ਜਾਵੇਗੀ ਅਤੇ ਵੈਨਕੂਵਰ ਸਿਟੀ ਹਾਲ ਨੂੰ ਸੰਤਰੀ ਰੰਗਤ ਦਿਤੀ ਜਾਵੇਗੀ। 

ਇਹ ਸੀ ਕਾਮਾਗਾਟਾ ਮਾਰੂ ਦੁਖਾਂਤ

ਕਾਮਾਗਾਟਾ ਮਾਰੂ ਦੁਖਾਂਤ 1914 ਵਿਚ ਵਾਪਰਿਆ ਸੀ, ਜਦੋਂ 376 ਯਾਤਰੀਆਂ ਨੂੰ ਲੈ ਕੇ ਕਾਮਾਗਾਟਾਮਾਰੂ ਨਾਂ ਦਾ ਜਪਾਨੀ ਸਮੁੰਦਰੀ ਜਹਾਜ਼ ਕੈਨੇਡਾ ਦੇ ਸ਼ਹਿਰ ਵੈਨਕੂਵਰ ਦੀ ਬੰਦਰਗਾਹ ’ਤੇ ਪੁੱਜਾ ਸੀ। ਇਸ ਜਹਾਜ਼ ਵਿਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸਵਾਰ ਸਨ। 23 ਮਈ 1914 ਦੇ ਦਿਨ ਤਤਕਾਲੀ ਕੈਨੇਡਾ ਸਰਕਾਰ ਨੇ ਨਸਲਵਾਦ ਅਤੇ ਵਿਤਕਰੇ ਦੀ ਭਾਵਨਾ ਤਹਿਤ ਉਸ ਜਹਾਜ਼ ਦੇ ਯਾਤਰੀਆਂ ਨੂੰ ਕੈਨੇਡਾ ਦੀ ਧਰਤੀ ’ਤੇ ਉਤਰਨ ਦੀ ਆਗਿਆ ਨਹੀਂ ਦਿਤੀ ਸੀ।

ਇਨ੍ਹਾਂ ਯਾਤਰੀਆਂ ਨੂੰ ਬਰੰਗ ਹੀ ਪਰਤਣਾ ਪਿਆ ਸੀ। ਵਾਪਸੀ ਉਪਰੰਤ ਜਦੋਂ ਇਹ ਜਹਾਜ਼ ਕਲਕੱਤਾ ਦੀ ਬਜਬਜ ਬੰਦਰਗਾਹ ’ਤੇ ਪੁੱਜਾ ਤਾਂ ਇਨ੍ਹਾਂ ਪੰਜਾਬੀ ਯਾਤਰੀਆਂ ’ਤੇ ਭਾਰਤ ਵਿਚਲੀ ਅੰਗਰੇਜ਼ੀ ਹਕੂਮਤ ਦੀ ਪੁਲਿਸ ਨੇ ਗੋਲੀਆਂ ਵਰ੍ਹਾ ਦਿਤੀਆਂ ਸਨ, ਜਿਸ ਵਿਚ 19 ਵਿਅਕਤੀ ਸ਼ਹੀਦ ਹੋ ਗਏ ਸਨ। ਇਸ ਘਟਨਾ ਸਬੰਧੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਸੰਸਦ ਵਿਚ ਮੁਆਫ਼ੀ ਮੰਗ ਚੁੱਕੇ ਹਨ।