ਯਮਨ ਬੱਸ ਹਮਲੇ 'ਚ ਹੋਈ ਸੀ ਅਮਰੀਕੀ ਬੰਬ ਦੀ ਵਰਤੋਂ: ਰੀਪੋਰਟ
ਵਿਦਰੋਹੀਆਂ ਦੇ ਕਬਜ਼ੇ ਵਾਲੇ ਉਤਰੀ ਯਮਨ 'ਚ ਇਕ ਬੱਸ 'ਤੇ ਸਾਊਦੀ ਅਰਬ ਦੀ ਅਗਵਾਈ ਵਾਲੇ ਗੱਠਜੋੜ ਦੇ ਹਵਾਈ ਹਮਲੇ 'ਚ ਜਿਸ ਬੰਬ ਦੀ ਵਰਤੋਂ ਕੀਤੀ ਗਈ ਸੀ.............
ਵਾਸ਼ਿੰਗਟਨ : ਵਿਦਰੋਹੀਆਂ ਦੇ ਕਬਜ਼ੇ ਵਾਲੇ ਉਤਰੀ ਯਮਨ 'ਚ ਇਕ ਬੱਸ 'ਤੇ ਸਾਊਦੀ ਅਰਬ ਦੀ ਅਗਵਾਈ ਵਾਲੇ ਗੱਠਜੋੜ ਦੇ ਹਵਾਈ ਹਮਲੇ 'ਚ ਜਿਸ ਬੰਬ ਦੀ ਵਰਤੋਂ ਕੀਤੀ ਗਈ ਸੀ, ਉਹ ਅਮਰੀਕਾ ਨੇ ਮੁਹਈਆ ਕਰਵਾਇਆ ਸੀ। 9 ਅਗੱਸਤ ਨੂੰ ਇਸ ਹਮਲੇ 'ਚ 40 ਬੱਚੇ ਅਤੇ 11 ਹੋਰ ਮਾਰੇ ਗਏ ਸਨ। ਸੀਐਨਐਨ ਨੇ ਇਕ ਰੀਪੋਰਟ 'ਚ ਇਹ ਜਾਣਕਾਰੀ ਦਿਤੀ। ਅਮਰੀਕੀ ਵਿਦੇਸ਼ ਵਿਭਾਗ ਅਤੇ ਸਾਊਦੀ ਅਰਬ ਦਰਮਿਆਨ ਹੋਏ ਸਮਝੌਤੇ ਤਹਿਤ ਇਸ ਬੰਬ ਦੀ ਸਪਲਾਈ ਕੀਤੀ ਗਈ ਸੀ।
ਯੁੱਧ ਮਾਹਰਾਂ ਦੇ ਹਵਾਲੇ ਤੋਂ ਸੀਐਨਐਨ ਨੇ ਕੱਲ੍ਹ ਰੀਪੋਰਟ 'ਚ ਕਿਹਾ ਕਿ ਇਸ ਮਹੀਨੇ ਹਮਲੇ ਤੋਂ ਤੁਰਤ ਬਾਅਦ ਬੰਬ ਦੇ ਟੁਕੜਿਆਂ ਦੀਆਂ ਲਈਆਂ ਗਈਆਂ ਤਸਵੀਰਾਂ ਤੋਂ ਅਜਿਹੇ ਸੰਕੇਤ ਮਿਲਦੇ ਹਨ ਕਿ ਇਹ ਲੇਜ਼ਰ ਨਿਰਦੇਸ਼ਤ ਐਮਕੇ 82 ਬੰਬ ਸੀ, ਜਿਸ ਦਾ ਨਿਰਮਾਣ ਰੱਖਿਆ ਠੇਕੇਦਾਰ ਲਾਕਹੀਡ ਮਾਰਟਿਨ ਨੇ ਕੀਤਾ ਸੀ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਊਦੀ ਅਰਬ ਨੂੰ ਇਹ ਬੰਬ ਵੇਚਣ 'ਤੇ ਰੋਕ ਲਗਾ ਦਿਤੀ ਸੀ, ਕਿਉਂ ਕਿ ਅਜਿਹੀ ਹੀ ਇਕ ਬੰਬ ਦੀ ਵਰਤੋਂ ਅਕਤੂਬਰ 2016 'ਚ ਵਿਦਰੋਹੀਆਂ ਦੇ ਕਬਜ਼ੇ ਵਾਲੇ ਖੇਤਰ ਸਨਾ 'ਤੇ ਕੀਤੀ ਗਈ ਸੀ, ਜਿਸ 'ਚ 140 ਲੋਕਾਂ ਦੀ ਮੌਤ ਹੋ ਗਈ ਸੀ।
ਪਰ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2017 'ਚ ਕਾਰਜਭਾਰ ਸੰਭਾਲਣ ਤੋਂ ਬਾਅਦ ਇਸ ਫ਼ੈਸਲੇ ਨੂੰ ਪਲਟਦਿਆਂ ਇਹ ਰੋਕ ਹਟਾ ਦਿਤੀ ਸੀ। ਰੇਡਕ੍ਰਾਸ ਦੀ ਕੌਮਾਂਤਰੀ ਕਮੇਟੀ ਮੁਤਾਬਕ ਸਾਦਾ ਪ੍ਰਾਂਤ 'ਚ 9 ਅਗੱਸਤ ਨੂੰ ਹੋਏ ਹਮਲੇ 'ਚ ਜ਼ਖ਼ਮੀ 79 ਲੋਕਾਂ 'ਚ 56 ਬੱਚੇ ਵੀ ਸ਼ਾਮਲ ਹਨ। (ਏਜੰਸੀ)