ਦੁਬਈ 'ਚ ਭਾਰਤੀ ਨੂੰ 'ਲਾਟਰੀ' ਨੇ ਕੀਤਾ ਮਾਲਾਮਾਲ, ਮਿਲੇ 40 ਲੱਖ ਨਕਦ ਤੇ ਲਗਜ਼ਰੀ ਕਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਿਛਲੇ 10 ਸਾਲਾਂ ਤੋਂ ਖ਼ਰੀਦ ਰਿਹਾ ਸੀ ਟਿਕਟ

file photo

ਦੁਬਈ : ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਇਕ ਭਾਰਤੀ ਦੁਕਾਨਦਾਰ ਨੂੰ ਅਚਾਨਕ ਨਿਕਲੀ ਲਾਟਰੀ ਨੇ ਮਾਲਾਮਾਲ ਕਰ ਦਿਤਾ। ਦੁਕਾਨਦਾਰ ਨੂੰ ਲਾਟਰੀ 'ਚ 2 ਲੱਖ ਦਿਰਹਮ (ਤਕਰੀਬਨ 40 ਲੱਖ ਰੁਪਏ) ਤੋਂ ਇਲਾਵਾ ਇਕ ਲਗਜ਼ਰੀ ਕਾਰ ਮਿਲੀ ਹੈ।

ਇਕ ਸਥਾਨਕ ਅਖ਼ਬਾਰ ਦੀ ਰਿਪੋਰਟ ਮੁਤਾਬਕ ਸ਼੍ਰੀਜੀਤ ਨਾਮ ਦਾ ਇਹ ਵਿਅਕਤੀ ਪਿਛਲੇ 10 ਸਾਲਾਂ ਤੋਂ ਹਰ ਸਾਲ ਲਾਟਰੀ ਦਾ ਟਿਕਟ ਖ਼ਰੀਦ ਰਿਹਾ ਸੀ। ਇਸ ਵਾਰ ਉਨ੍ਹਾਂ ਨੂੰ ਇੰਫਿਨਿਟੀ ਕਿਊਐਕਸ-50 ਕਾਰ ਤੋਂ ਇਲਾਵਾ 2 ਲੱਖ ਦਿਰਹਮ (ਕਰੀਬ 40 ਲੱਖ ਰੁਪਏ) ਨਗਦ ਇਨਾਮ ਮਿਲਿਆ ਹੈ। ਇਹ ਲਾਟਰੀ ਦੁਬਈ ਸ਼ਾਪਿੰਗ ਫੈਸਟੀਵਲ ਦੇ 25ਵੇਂ ਐਡੀਸ਼ਨ ਦੇ ਤਹਿਤ ਕੱਢੀ ਗਈ ਸੀ।

ਲਾਟਰੀ ਜਿੱਤਣ ਤੋਂ ਬਾਅਦ ਖੁਸ਼ੀ 'ਚ ਖੀਵੇ ਹੋਏ ਸ਼੍ਰੀਜੀਤ ਨੇ ਕਿਹਾ ਕਿ ਮੈਨੂੰ ਤਾਂ ਅਜੇ ਵੀ ਭਰੋਸਾ ਨਹੀਂ ਹੋ ਰਿਹਾ ਕਿ ਮੇਰੀ ਇੰਨੀ ਵੱਡੀ ਲਾਟਰੀ ਨਿਕਲ ਚੁੱਕੀ ਹੈ। ਮੈਂ ਪਿਛਲੇ 10 ਸਾਲਾਂ ਤੋਂ ਇਸ ਉਮੀਦ ਨਾਲ ਲਾਟਰੀ ਦੀ ਇਕ ਟਿਕਟ ਖ਼ਰੀਦ ਲੈਂਦਾ ਸੀ ਕਿ ਕਦੇ ਨਾ ਕਦੇ ਤਾਂ ਕਿਸਮਤ ਸਾਥ ਦੇਵੇਗੀ।

ਉਸ ਨੇ ਕਿਹਾ ਕਿ ਇਸ ਇਨਾਮ ਨਾਲ ਮੈਨੂੰ ਹੁਣ ਅਪਣਾ ਸੁਫਨਾ ਪੂਰਾ ਹੋਣ ਦੀ ਉਮੀਦ ਬਣ ਗਈ ਹੈ। ਉਨ੍ਹਾਂ ਦਸਿਆ ਕਿ ਮੇਰੇ ਦੋ ਪੁੱਤਰ ਹਨ ਜਦਕਿ ਤੀਜਾ ਬੱਚਾ ਹੋਣ ਵਾਲਾ ਹੈ। ਇਸ ਪੈਸੇ ਨਾਲ ਮੈਂ ਅਪਣੇ ਬੱਚਿਆਂ ਦਾ ਭਵਿੱਖ ਸਵਾਰ ਸਕਾਂਗਾ।

ਇੰਫਿਨਿਟੀ ਮੇਗਾ ਰੈਫਲ ਦੇ ਤਹਿਤ ਦੁਬਈ ਸ਼ਾਪਿੰਗ ਫੈਸਟੀਵਲ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਹਰ ਦਿਨ ਇੰਫਿਨਿਟੀ ਐਕਸਕਿਊ-50 ਕਾਰ ਦੇ ਨਾਲ 2 ਲੱਖ ਦਿਰਹਮ ਨਗਦ ਜਿੱਤਣ ਦਾ ਮੌਕਾ ਦਿਤਾ ਜਾਂਦਾ ਹੈ। ਇਸ ਵਿਚ ਹਿੱਸਾ ਲੈਣ ਵਾਲਿਆਂ ਨੂੰ 200 ਦਿਰਹਮ (ਕਰੀਬ 4 ਹਜ਼ਾਰ ਰੁਪਏ) ਵਿਚ ਇਕ ਟਿਕਟ ਖ਼ਰੀਦਣਾ ਪੈਂਦਾ ਹੈ।

ਇਸ ਤੋਂ ਇਲਾਵਾ ਸ਼ਾਪਿੰਗ ਫੈਸਟੀਵਲ ਦੀ ਸਮਾਪਤੀ ਸਮੇਂ ਕਿਸੇ ਇਕ ਜੇਤੂ ਨੂੰ 10 ਲੱਖ ਦਿਰਹਮ (ਕਰੀਬ 2 ਕਰੋੜ ਰੁਪਏ) ਦਾ ਇਨਾਮ ਵੀ ਜਿੱਤਣ ਦਾ ਮੌਕਾ ਮਿਲਦਾ ਹੈ।