ਭਾਰਤੀ-ਕੈਨੇਡੀਅਨ ਅਫ਼ਸ਼ਾਂ ਖਾਨ ਨੂੰ ਸੰਯੁਕਤ ਰਾਸ਼ਟਰ ਨੇ ਨਿਯੁਕਤ ਕੀਤਾ ਪੋਸ਼ਣ ਅਭਿਆਨ ਦੀ ਕੋਆਰਡੀਨੇਟਰ 

ਏਜੰਸੀ

ਖ਼ਬਰਾਂ, ਕੌਮਾਂਤਰੀ

ਅਫ਼ਸ਼ਾਂ ਖਾਨ ਕੋਲ ਹੈ ਕੈਨੇਡਾ ਅਤੇ ਬ੍ਰਿਟੇਨ ਦੀ ਦੂਹਰੀ ਨਾਗਰਿਕਤਾ

Image

 

ਵਾਸ਼ਿੰਗਟਨ - ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ ਨੇ ਭਾਰਤੀ-ਕੈਨੇਡੀਅਨ ਅਫ਼ਸ਼ਾਂ ਖਾਨ ਨੂੰ ਪੋਸ਼ਣ ਮੁਹਿੰਮ 'ਸਕੇਲਿੰਗ ਅੱਪ ਨਿਊਟ੍ਰੀਸ਼ਨ ਮੂਵਮੈਂਟ' ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ।

ਨਿਊਯਾਰਕ ਵਿੱਚ ਸਥਿਤ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਵਿਖੇ ਸਕੱਤਰ-ਜਨਰਲ ਦੇ ਬੁਲਾਰੇ ਸਟੀਫ਼ਨ ਦੁਜਾਰਿਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ 'ਸਕੇਲਿੰਗ ਅੱਪ ਨਿਊਟ੍ਰੀਸ਼ਨ ਮੂਵਮੈਂਟ' 2030 ਤੱਕ ਹਰ ਤਰ੍ਹਾਂ ਦੇ ਕੁਪੋਸ਼ਣ ਦੇ ਖ਼ਾਤਮੇ ਲਈ 65 ਦੇਸ਼ਾਂ ਅਤੇ ਚਾਰ ਭਾਰਤੀ ਰਾਜਾਂ ਦੀ ਅਗਵਾਈ ਵਾਲੀ ਇੱਕ ਪਹਿਲ ਹੈ।

ਉਨ੍ਹਾਂ ਨੇ ਕਿਹਾ, ''ਅਫ਼ਸ਼ਾਂ ਖਾਨ ਨੀਦਰਲੈਂਡ ਦੀ ਗੇਰਡਾ  ਵੇਰਬਰਗ ਦੀ ਜਗ੍ਹਾ ਲਵੇਗੀ। ਸਕੱਤਰ-ਜਨਰਲ ਪੋਸ਼ਣ ਨੂੰ ਉਤਸ਼ਾਹਿਤ ਕਰਨ ਦੀ ਮੁਹਿੰਮ ਦੀ ਅਗਵਾਈ ਕਰਨ ਲਈ ਉਨ੍ਹਾਂ ਦੇ ਯਤਨਾਂ ਅਤੇ ਸਮਰਪਣ ਲਈ ਧੰਨਵਾਦ ਪ੍ਰਗਟ ਕਰਦੇ ਹਨ।"

ਦੁਜਾਰਿਕ ਨੇ ਕਿਹਾ ਕਿ ਭਾਰਤ ਵਿੱਚ ਜਨਮ ਲੈਣ ਵਾਲੀ ਖਾਨ 'ਸਕੇਲਿੰਗ ਅੱਪ ਨਿਊਟ੍ਰੀਸ਼ਨ ਮੂਵਮੈਂਟ' ਸਕੱਤਰੇਤ ਦੀ ਅਗਵਾਈ ਕਰੇਗੀ। 

ਖਾਨ ਕੋਲ ਕੈਨੇਡਾ ਅਤੇ ਬ੍ਰਿਟੇਨ ਦੀ ਦੂਹਰੀ ਨਾਗਰਿਕਤਾ ਹੈ। ਖਾਨ ਨੇ ਮੈਕਗਿਲ ਯੂਨੀਵਰਸਿਟੀ ਤੋਂ ਪਬਲਿਕ ਪਾਲਿਸੀ ਵਿੱਚ ਮਾਸਟਰ ਡਿਗਰੀ ਅਤੇ ਰਾਜਨੀਤੀ ਸ਼ਾਸਤਰ ਵਿੱਚ ਬੈਚਲਰ ਹਾਸਲ ਕੀਤੀ ਹੈ।

ਸੰਯੁਕਤ ਰਾਸ਼ਟਰ ਦੇ ਇੱਕ ਬਿਆਨ ਅਨੁਸਾਰ, ਆਪਣੀ ਨਵੀਂ ਜ਼ਿੰਮੇਵਾਰੀ ਵਿੱਚ ਖਾਨ ਕੁਪੋਸ਼ਣ ਦੇ ਸਾਰੇ ਰੂਪਾਂ ਨੂੰ ਖ਼ਤਮ ਕਰਨ ਲਈ ਸਾਂਝੇਦਾਰੀ ਦਾ ਨਿਰਮਾਣ ਕਰਕੇ, ਸੰਵਾਦ ਅਤੇ ਵਚਨਬੱਧਤਾ ਨੂੰ ਉਤਸ਼ਾਹਿਤ ਕਰਕੇ ਵਿਸ਼ਵ ਪੱਧਰ 'ਤੇ ਪੋਸ਼ਣ ਰਣਨੀਤੀ ਦਾ ਲਾਗੂ ਹੋਣਾ ਯਕੀਨੀ ਬਣਾਏਗੀ।

ਖਾਨ ਨੇ 1989 ਵਿੱਚ ਮੋਜ਼ਮਬੀਕ ਵਿੱਚ ਸੰਯੁਕਤ ਰਾਸ਼ਟਰ ਬਾਲ ਫੰਡ (UNICEF) ਲਈ ਕੰਮ ਕਰਨਾ ਸ਼ੁਰੂ ਕੀਤਾ ਅਤੇ ਵਰਤਮਾਨ ਵਿੱਚ ਪੂਰਬੀ ਯੂਰਪ ਅਤੇ ਮੱਧ ਏਸ਼ੀਆ ਦੀ ਖੇਤਰੀ ਨਿਰਦੇਸ਼ਕ ਵਜੋਂ ਕਾਰਜਸ਼ੀਲ ਹੈ।