ਲੌਕਡਾਊਨ ‘ਚ ਢਿੱਲ ਦੇਣ ਵਾਲੇ ਦੇਸ਼ਾਂ ਨੂੰ WHO ਦੀ ਚੇਤਾਵਨੀ, ਜਲਦਬਾਜ਼ੀ ਨਾਲ ਵਧ ਸਕਦਾ ਹੈ ਕੋਰੋਨਾ
WHO ਨੇ ਸੁਚੇਤ ਕੀਤਾ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਲਗਾਈਆਂ ਗਈਆਂ ਪਾਬੰਧੀਆਂ ਵਿਚ ਢਿੱਲ ਦੇਣ ‘ਚ ਜਲਦਬਾਜ਼ੀ ਕਰਨ ਨਾਲ ਕੋਰੋਨਾ ਦਾ ਫੈਲਾਅ ਫਿਰ ਤੋਂ ਵਧ ਸਕਦਾ ਹੈ।
ਵਾਸ਼ਿੰਗਟਨ: ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਮੰਗਲਵਾਰ ਨੂੰ ਸੁਚੇਤ ਕੀਤਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਈਆਂ ਗਈਆਂ ਪਾਬੰਧੀਆਂ ਵਿਚ ਢਿੱਲ ਦੇਣ ‘ਚ ਜਲਦਬਾਜ਼ੀ ਕਰਨ ਨਾਲ ਕੋਰੋਨਾ ਦਾ ਫੈਲਾਅ ਫਿਰ ਤੋਂ ਵਧ ਸਕਦਾ ਹੈ।
ਵਿਸ਼ਵ ਸਿਹਤ ਸੰਗਠਨ ਲਈ ਪੱਛਮੀ ਪ੍ਰਸ਼ਾਂਤ ਦੇ ਖੇਤਰੀ ਨਿਰਦੇਸ਼ਕ ਡਾਕਟਰ ਤਾਕੇਸ਼ੀ ਕਾਸੋਈ ਨੇ ਕਿਹਾ, ‘ਇਹ ਢਿੱਲ ਦੇਣ ਦਾ ਸਮਾਂ ਨਹੀਂ ਹੈ, ਬਲਕਿ ਸਾਨੂੰ ਆਉਣ ਵਾਲੇ ਭਵਿੱਖ ਲਈ ਜੀਵਨ ਜਿਊਣ ਦੇ ਨਵੇਂ ਤਰੀਕੇ ਨੂੰ ਲੈ ਕੇ ਅਪਣੇ ਆਪ ਨੂੰ ਤਿਆਰ ਰੱਖਣ ਦੀ ਲੋੜ ਹੈ’।
ਉਹਨਾਂ ਨੇ ਕਿਹਾ ਕਿ ਸਰਕਾਰਾਂ ਨੂੰ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸੁਚੇਤ ਰਹਿਣ ਦੀ ਲੋੜ ਹੈ ਅਤੇ ਲੌਕਡਾਊਨ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਆਦਿ ਨਿਯਮਾਂ ਨੂੰ ਹੌਲੀ-ਹੌਲੀ ਹਟਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ 20 ਅਪ੍ਰੈਲ ਤੋਂ ਭਾਰਤ ਦੇ ਉਹਨਾਂ ਹਿੱਸਿਆਂ ਵਿਚ ਤਾਲਾਬੰਦੀ ਵਿਚ ਕੁਝ ਢਿੱਲ ਦਿੱਤੀ ਗਈ ਹੈ ਜਿਥੇ ਕੋਰੋਨਾ ਵਾਇਰਸ ਦਾ ਕੋਈ ਕੇਸ ਨਹੀਂ ਹੈ।
ਕੇਰਲ ਵਿਚ ਗ੍ਰੀਨ ਜ਼ੋਨ ਦੇ ਦੋ ਜ਼ਿਲ੍ਹਿਆਂ ਵਿਚ ਜਨਤਕ ਆਵਾਜਾਈ ਦੇ ਨਾਲ, ਨਾਈ ਦੀਆਂ ਦੁਕਾਨਾਂ ਅਤੇ ਰੈਸਟੋਰੈਂਟ ਖੋਲ੍ਹਣ ਦੀ ਆਗਿਆ ਦਿੱਤੀ ਗਈ ਸੀ। ਹਾਲਾਂਕਿ ਕੇਂਦਰ ਸਰਕਾਰ ਨੇ ਇਸ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਤੇ ਰਾਜ ਸਰਕਾਰ ਨੇ ਫਿਰ ਤੋਂ ਪਾਬੰਦੀ ਲਗਾਈ ਹੈ।
ਦੱਸ ਦਈਏ ਕਿ ਭਾਰਤ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਫਿਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 1336 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 47 ਲੋਕਾਂ ਦੀ ਮੌਤ ਹੋ ਗਈ ਹੈ।
ਮੰਗਲਵਾਰ ਨੂੰ ਜਾਰੀ ਕੀਤੇ ਗਏ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ 18601 ਹੋ ਗਈ ਹੈ। ਇਸ ਦੇ ਨਾਲ ਹੀ ਕੋਵਿਡ -19 ਮਹਾਂਮਾਰੀ ਕਾਰਨ ਮੌਤਾਂ ਦੀ ਗਿਣਤੀ 590 ਤੱਕ ਪਹੁੰਚ ਗਈ ਹੈ। ਕੋਰੋਨਾ ਵਾਇਰਸ ਦੇ ਕੁੱਲ 18601 ਮਾਮਲਿਆਂ ਵਿਚੋਂ 14759 ਐਕਟਿਵ ਮਾਮਲੇ ਹਨ। ਇਸ ਤੋਂ ਇਲਾਵਾ 3522 ਲੋਕ ਪੂਰੀ ਤਰ੍ਹਾਂ ਠੀਕ ਹੋ ਗਏ ਹਨ।