ਆਸਟ੍ਰੇਲੀਆ ਦੇ ਸਾਰੇ ਅਖ਼ਬਾਰਾਂ ਦਾ ਪਹਿਲਾ ਪੰਨਾ ਛਾਪਿਆ ਗਿਆ ਕਾਲਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਮੀਡੀਆ 'ਤੇ ਲਗਾਈ ਜਾ ਰਹੀ ਪਾਬੰਦੀਆਂ ਕਾਰਨ ਚੁੱਕਿਆ ਗਿਆ ਕਦਮ

Australian newspapers black out front pages as media unites to defend press freedom

ਕੈਨਬਰਾ : ਆਸਟ੍ਰੇਲੀਆ ਵਿਚ ਸਰਕਾਰ ਦੁਆਰਾ ਲਗਾਈ ਜਾ ਰਹੀ ਮੀਡੀਆ 'ਤੇ ਪਾਬੰਦੀਆਂ ਦੇ ਵਿਰੋਧ ਵਿਚ ਦੇਸ਼ ਦੇ ਸਾਰੇ ਅਖ਼ਬਾਰਾਂ ਦਾ ਪਹਿਲਾ ਪੰਨਾ ਕਾਲਾ ਛਾਪਿਆ ਗਿਆ। ਅਖ਼ਬਾਰਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਸਖ਼ਤ ਕਾਨੂੰਨ ਉਨ੍ਹਾਂ ਨੂੰ ਲੋਕਾਂ ਤਕ ਜਾਣਕਾਰੀ ਪਹੁੰਚਾਉਣ ਤੋਂ ਰੋਕ ਰਿਹਾ ਹੈ।

ਆਸਟ੍ਰੇਲੀਆ ਵਿਚ ਇਕ ਵਖਰੇ ਹੀ ਕਿਸਮ ਦੀ ਘਟਨਾ ਵੇਖਣ ਨੂੰ ਮਿਲੀ। ਸਰਕਾਰ ਦੁਆਰਾ ਮੀਡੀਆ 'ਤੇ ਲਗਾਮ ਲਗਾਉਣ ਦੀ ਕੋਸ਼ਿਸ਼ਾਂ ਦਾ ਵਿਰੋਧ ਕਰਨ ਲਈ ਸੋਮਵਾਰ ਸਵੇਰੇ ਦੇਸ਼ ਦੀਆਂ ਸਾਰੀ ਅਖ਼ਬਾਰਾਂ ਨੇ ਆਪਣਾ ਪਹਿਲਾ ਪੰਨਾ ਕਾਲਾ ਛਾਪਿਆ। ਪੰਨੇ ਉੱਤੇ ਕਾਲੀ ਸਿਆਹੀ ਦੀ ਪੋਚ ਤੋਂ ਇਲਾਵਾ ਸੀਕ੍ਰੇਟ ਸ਼ਬਦ ਲਿਖਿਆ ਹੋਇਆ ਸੀ। ਇਨ੍ਹਾਂ ਅਖ਼ਬਾਰਾਂ ਦਾ ਕਹਿਣਾ ਹੈ ਕਿ ਰਾਸ਼ਟਰੀ ਸੁਰੱਖਿਆ ਕਾਨੂੰਨਾਂ ਕਰ ਕੇ ਰਿਪੋਰਟਿੰਗ 'ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਅਖ਼ਬਾਰਾਂ ਦਾ ਦੋਸ਼ ਹੈ ਕਿ ਜੂਨ ਵਿਚ ਵੀ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਅਤੇ ਇਕ ਪੱਤਰਕਾਰ ਦੇ ਘਰ ਛਾਪਾ ਮਾਰਿਆ ਗਿਆ ਸੀ, ਜਿਸ ਦਾ ਕਾਫ਼ੀ ਵਿਰੋਧ ਵੀ ਹੋਇਆ ਸੀ।

ਅਖ਼ਬਾਰਾਂ ਨੇ ਦੱਸਿਆ ਕਿ ਇਹ ਛਾਪੇ ਸਰਕਾਰੀ ਗੜਬੜੀਆਂ ਦਾ ਖੁਲਾਸਾ ਕਰਨ ਵਾਲੇ ਤੋਂ ਲੀਕ ਹੋਈਆਂ ਜਾਣਕਾਰੀਆਂ ਦੇ ਆਧਾਰ 'ਤੇ ਪ੍ਰਕਾਸ਼ਿਤ ਕੀਤੇ ਗਏ ਕੁੱਝ ਲੇਖਾਂ ਤੋਂ ਬਾਅਦ ਮਾਰੇ ਗਏ। ਇਨ੍ਹਾਂ ਰਿਪੋਰਟਾਂ ਵਿਚ ਜੰਗੀ ਅਪਰਾਧ ਦੇ ਇਲਜ਼ਾਮ ਲਗਾਏ ਗਏ ਸਨ। ਜਦਕਿ ਇਕ ਹੋਰ ਰਿਪੋਰਟ ਵਿਚ ਇਕ ਸਰਕਾਰੀ ਏਜੰਸੀ 'ਤੇ ਦੇਸ਼ ਦੇ ਨਾਗਰਿਕਾਂ ਦੀ ਜਾਸੂਸੀ ਦਾ ਇਲਜ਼ਾਮ ਲਗਾਇਆ ਗਿਆ ਸੀ। ਅਖ਼ਬਾਰਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਖੋਜੀ ਪੱਤਰਕਾਰਾਂ ਨੂੰ ਰਿਪੋਰਟਿੰਗ ਕਰਨ 'ਤੇ ਖਤਰਾ ਪੈਦਾ ਹੋਵੇਗਾ। 

ਆਸਟ੍ਰੇਲੀਆ ਸਰਕਾਰ ਨੇ ਐਤਵਾਰ ਨੂੰ ਦੋਹਰਾਇਆ ਸੀ ਕਿ ਇਨ੍ਹਾਂ ਛਾਪਿਆਂ ਨੂੰ ਲੈ ਕੇ ਤਿੰਨ ਪੱਤਰਕਾਰਾਂ ਦੇ ਖ਼ਿਲਾਫ਼ ਕੇਸ ਚਲਾਇਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਿਹਾ ਹੈ ਕਿ ਪ੍ਰੈੱਸ ਦੀ ਆਜ਼ਾਦੀ ਮਹੱਤਵਪੂਰਨ ਹੈ ਪਰ ਕਾਨੂੰਨ ਦਾ ਰਾਜ ਵੀ ਕਾਇਮ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਮੇਰੇ 'ਤੇ ਵੀ ਲਾਗੂ ਹੁੰਦਾ ਹੈ ਅਤੇ ਕਿਸੇ ਵੀ ਪੱਤਰਕਾਰ ਉੱਤੇ ਵੀ। ਆਸਟ੍ਰੇਲੀਆ ਵਿਚ ਪ੍ਰੈੱਸ ਦੀ ਆਜ਼ਾਦੀ 'ਤੇ ਜਾਂਚ ਰਿਪੋਰਟ ਅਗਲੇ ਸੰਸਦੀ ਸੈਸ਼ਨ ਵਿਚ ਪੇਸ਼ ਕੀਤੀ ਜਾਵੇਗੀ।