ਦੁਨੀਆਂ ਦੀ ਸੱਭ ਤੋਂ ਵੱਡੀ ਸ਼ਾਰਕ ਨਾਲ ਗੋਤਾਖੋਰਾਂ ਨੇ ਬਿਤਾਇਆ ਦਿਨ
ਵਾਈਟ ਸ਼ਾਰਕ ਦੇ ਨੇੜੇ ਜਾਣਾ ਇੰਨਾ ਖ਼ਤਰਨਾਕ ਨਹੀਂ ਹੁੰਦਾ ਪਰ ਉਸ ਥਾਂ 'ਤੇ ਜਾਣ ਤੋਂ ਬਚਣਾ ਚਾਹੀਦਾ ਹੈ ਜਿਥੇ ਸ਼ਾਰਕ ਕੁਝ ਖਾ ਰਹੀ ਹੋਵੇ।
ਵਾਸ਼ਿੰਗਟਨ : ਅਮਰੀਕਾ ਦੇ ਹਵਾਈ ਟਾਪੂ 'ਤੇ ਕੁਝ ਗੋਤਾਖੋਰ ਉਸ ਵੇਲ੍ਹੇ ਹੈਰਾਨ ਰਹਿ ਗਏ ਜਦੋਂ ਉਹਨਾਂ ਦਾ ਸਾਹਮਣਾ ਗ੍ਰੇਟ ਵਾਈਟ ਸ਼ਾਰਕ ਨਾਲ ਹੋ ਗਿਆ। ਇਹ ਗੋਤਾਖੋਰ ਉਸ ਸ਼ਾਰਕ ਤੋਂ ਬਚਣ ਵਿਚ ਤਾਂ ਕਾਮਯਾਬ ਹੋਏ ਹੀ, ਇਸ ਦੇ ਨਾਲ ਹੀ ਉਹਨਾਂ ਨੇ ਉਸ ਨਾਲ ਕੁਝ ਤਸਵੀਰਾਂ ਵੀ ਲਈਆਂ। ਉਥੋਂ ਵਾਪਸ ਆਉਣ ਤੋਂ ਬਾਅਦ ਉਹਨਾਂ ਨੇ ਇਹ ਕਹਾਣੀ ਅਤੇ ਤਸਵੀਰਾਂ ਦੁਨੀਆਂ ਨਾਲ ਸਾਂਝੀਆਂ ਕੀਤੀਆਂ। ਹਾਲਾਂਕਿ ਕੁਝ ਗੋਤਾਖੋਰ ਇਸ ਸ਼ਾਰਕ ਦੇ ਬਹੁਤ ਨੇੜੇ ਚਲੇ ਗਏ ਅਤੇ ਉਸ ਨੂੰ ਹੱਥ ਲਗਾਉਣ ਵਿਚ ਕਾਮਯਾਬ ਵੀ ਹੋਏ।
ਸੱਭ ਤੋਂ ਵੱਡੀ ਸ਼ਾਰਕ ਕਹੀ ਜਾਣ ਵਾਲੀ ਗ੍ਰੇਟ ਵਾਈਟ ਸ਼ਾਰਕ ਲਗਭਗ 20 ਫੁੱਟ (6 ਮੀਟਰ) ਲੰਮੀ ਸੀ ਅਤੇ ਉਸ ਦਾ ਭਾਰ ਲਗਭਗ 2.5 ਟਨ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਖੋਜਕਰਤਾਵਾਂ ਨੇ 20 ਸਾਲ ਪਹਿਲਾਂ ਡੀਪ ਬਲੂ ਕਹੀ ਜਾਣ ਵਾਲੀ ਇਸ ਸ਼ਾਰਕ ਦੇ ਸਰੀਰ 'ਤੇ ਇਕ ਉਪਕਰਣ ਲਗਾ ਦਿਤਾ ਸੀ ਤਾਂ ਕਿ ਇਸ ਸ਼ਾਰਕ ਸਬੰਧੀ ਸਾਰੀ ਜਾਣਕਾਰੀ ਇਕੱਠੀ ਕੀਤੀ ਜਾ ਸਕੇ। ਇਕ ਗੋਤਾਖੋਰ ਓਸ਼ੀਅਨ ਰੇਮਜ਼ੀ ਨੇ ਦੱਸਿਆ ਕਿ ਉਹ ਟਾਈਗਰ ਸ਼ਾਰਕ ਦਾ ਵੀਡੀਓ ਬਣਾ ਰਹੇ ਸਨ,
ਇਹ ਟਾਈਗਰ ਸ਼ਾਰਕ ਮਰੀ ਹੋਈ ਵਹੇਲ ਨੂੰ ਖਾ ਰਹੀ ਸੀ। ਉਸੇ ਵੇਲ੍ਹੇ ਉਥੇ ਗ੍ਰੇਟ ਵਾਈਟ ਸ਼ਾਰਕ ਆ ਗਈ। ਉਸ ਦੇ ਆਉਣ ਤੋਂ ਬਾਅਦ ਦੂਜੀਆਂ ਸ਼ਾਰਕ ਮੱਛੀਆਂ ਉਥੋਂ ਚਲੀਆਂ ਗਈਆਂ। ਇਹ ਗ੍ਰੇਟ ਵਾਈਟ ਸ਼ਾਰਕ ਅਕਾਰ ਵਿਚ ਬਹੁਤ ਹੀ ਵੱਡੀ, ਸੋਹਣੀ ਅਤੇ ਨਰਮ ਸੀ। ਸ਼ਾਮ ਬੀਤਣ ਤੋਂ ਬਾਅਦ ਅਸੀਂ ਬਾਹਰ ਨਿਕਲੇ। ਇਸ ਤੋਂ ਬਾਅਦ ਉਹ ਸਾਰਾ ਦਿਨ ਸਾਡੇ ਨਾਲ ਰਹੀ। ਮੰਨਿਆ ਜਾਂਦਾ ਹੈ ਕਿ ਇਹ ਸ਼ਾਰਕ ਗਰਭਵਤੀ ਸੀ। ਇਸ ਡੀਪ ਬਲੂ ਵਹੇਲ ਦੀ ਉਮਰ 50 ਸਾਲ ਸੀ ਅਤੇ ਉਸ ਦਾ ਟਵੀਟਰ ਅਕਾਉਂਟ ਵੀ ਹੈ।
ਗ੍ਰੇਟ ਵਾਈਟ ਸ਼ਾਰਕ ਠੰਡੇ ਪਾਣੀ ਵਿਚ ਰਹਿਣਾ ਪੰਸਦ ਕਰਦੀ ਹੈ। ਰੇਮਜ਼ੀ ਦਾ ਕਹਿਣਾ ਹੈ ਕਿ ਉਮਰ ਵਿਚ ਵੱਡੀ ਅਤੇ ਗਰਭਵਤੀ ਵਾਈਟ ਸ਼ਾਰਕ ਦੇ ਨੇੜੇ ਜਾਣਾ ਇੰਨਾ ਖ਼ਤਰਨਾਕ ਨਹੀਂ ਹੁੰਦਾ ਪਰ ਉਸ ਥਾਂ 'ਤੇ ਜਾਣ ਤੋਂ ਬਚਣਾ ਚਾਹੀਦਾ ਹੈ ਜਿਥੇ ਸ਼ਾਰਕ ਕੁਝ ਖਾ ਰਹੀ ਹੋਵੇ। ਰੇਮਜ਼ੀ ਨੇ ਦੱਸਿਆ ਕਿ ਸ਼ਾਰਕ ਇਨਸਾਨਾਂ 'ਤੇ ਤਾਂ ਹੀ ਹਮਲਾ ਕਰਦੀ ਹੈ ਜਦ ਉਸ ਨੂੰ ਕੁਝ ਅਜ਼ੀਬ ਲਗੇ ਜਾਂ ਗਲਤੀ ਨਾਲ ਉਸ ਇਨਸਾਨ ਨੂੰ ਅਪਣਾ ਸ਼ਿਕਾਰ ਸਮਝ ਲੈਣ।