ਨਸਲੀ ਵਿਤਕਰੇ 'ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਅਮਰੀਕੀ ਸ਼ਹਿਰ ਬਣਿਆ ਸਿਆਟਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਮਤੇ ਦੇ ਵਿਰੋਧ 'ਚ ਵੀ ਆਈਆਂ ਸੀ ਕਈ ਭਾਰਤੀ-ਅਮਰੀਕੀਆਂ ਦੀ ਸ਼ਮੂਲੀਅਤ ਵਾਲੀਆਂ ਜੱਥੇਬੰਦੀਆਂ 

Representative Image

 

ਵਾਸ਼ਿੰਗਟਨ - ਸਿਆਟਲ, ਜਾਤ ਅਧਾਰਿਤ ਭੇਦਭਾਵ ਉੱਤੇ ਪਾਬੰਦੀ ਲਗਾਉਣ ਵਾਲਾ ਅਮਰੀਕਾ ਦਾ ਪਹਿਲਾ ਸ਼ਹਿਰ ਬਣ ਗਿਆ ਹੈ।

ਭਾਰਤੀ-ਅਮਰੀਕੀ ਸਿਆਸਤਦਾਨ ਤੇ ਅਰਥ ਸ਼ਾਸਤਰੀ ਨੇ ਸਿਆਟਲ ਸਿਟੀ ਕੌਂਸਲ 'ਚ ਭੇਦਭਾਵ ਨਾ ਕਰਨ ਦੀ ਨੀਤੀ ਵਿੱਚ ਜਾਤ ਨੂੰ ਸ਼ਾਮਲ ਕਰਨ ਦਾ ਮਤਾ ਪੇਸ਼ ਕੀਤਾ ਸੀ, ਜਿਸ ਨੂੰ ਪਾਸ ਕਰ ਦਿੱਤਾ ਗਿਆ ਹੈ।
 
ਉੱਚ ਜਾਤੀ ਹਿੰਦੂ ਨੇਤਾ ਕਸ਼ਮਾ ਸਾਵੰਤ ਦੇ ਮਤੇ ਨੂੰ ਸਿਆਟਲ ਦੇ ਸਦਨ, ਭਾਵ ਸਿਟੀ ਕੌਂਸਲ ਵਿੱਚ ਇੱਕ ਦੇ ਮੁਕਾਬਲੇ ਛੇ ਵੋਟਾਂ ਨਾਲ ਪਾਸ ਕੀਤਾ ਗਿਆ। ਇਸ ਵੋਟ ਨਤੀਜੇ ਦੇ ਅਮਰੀਕਾ ਵਿੱਚ ਨਸਲ ਆਧਾਰਿਤ ਵਿਤਕਰੇ ਦੇ ਮੁੱਦੇ 'ਤੇ ਦੂਰਗਾਮੀ ਪ੍ਰਭਾਵ ਹੋ ਸਕਦੇ ਹਨ।

ਮਤਾ ਪਾਸ ਹੋਣ ਤੋਂ ਬਾਅਦ ਸਾਵੰਤ ਨੇ ਕਿਹਾ, ''ਇਹ ਅਧਿਕਾਰਤ ਹੋ ਗਿਆ ਹੈ। ਸਾਡੇ ਅੰਦੋਲਨ ਕਾਰਨ, ਦੇਸ਼ ਵਿੱਚ ਪਹਿਲੀ ਵਾਰ, ਸਿਆਟਲ ਵਿੱਚ ਜਾਤੀ ਵਿਤਕਰੇ 'ਤੇ ਪਾਬੰਦੀ ਲਗਾਈ ਗਈ ਹੈ। ਇਸ ਜਿੱਤ ਨੂੰ ਦੇਸ਼ ਭਰ ਵਿੱਚ ਫ਼ੈਲਾਉਣ ਲਈ ਸਾਨੂੰ ਇਸ ਲਹਿਰ ਨੂੰ ਅੱਗੇ ਲਿਜਾਣਾ ਹੋਵੇਗਾ।"

ਇਸ ਪ੍ਰਸਤਾਵ ਤੋਂ ਪਹਿਲਾਂ ਭਾਰਤੀ-ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਵੀ ਇਸ ਦਾ ਸਮਰਥਨ ਕੀਤਾ ਸੀ।

ਉਨ੍ਹਾਂ ਕਿਹਾ, "ਅਮਰੀਕਾ ਸਮੇਤ ਦੁਨੀਆ ਵਿੱਚ ਕਿਤੇ ਵੀ ਜਾਤ ਅਧਾਰਿਤ ਭੇਦਭਾਵ ਲਈ ਕੋਈ ਥਾਂ ਨਹੀਂ ਹੈ, ਅਤੇ ਇਸੇ ਕਰਕੇ ਕੁਝ ਕਾਲਜਾਂ ਅਤੇ ਯੂਨੀਵਰਸਿਟੀਆਂ ਨੇ ਕੈਂਪਸ ਵਿੱਚ ਇਸ 'ਤੇ ਪਾਬੰਦੀ ਲਗਾਈ ਹੋਈ ਹੈ ਅਤੇ ਵਰਕਰ ਜਾਤ ਆਧਾਰਿਤ ਵਿਤਕਰੇ ਦੇ ਮਾਮਲਿਆਂ ਵਿੱਚ ਆਪਣੇ ਅਧਿਕਾਰਾਂ ਅਤੇ ਸਨਮਾਨ ਲਈ ਲੜ ਰਹੇ ਹਨ।''

ਸਿਆਟਲ ਵਿੱਚ ਜਾਤ-ਅਧਾਰਿਤ ਵਿਤਕਰੇ 'ਤੇ ਪਾਬੰਦੀ ਲਗਾਉਣ ਦੇ ਪ੍ਰਸਤਾਵ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਇਕੁਐਲਿਟੀ ਲੈਬਜ਼ ਨੇ ਕਿਹਾ, "ਸਿਆਟਲ ਦੇਸ਼ ਦਾ ਪਹਿਲਾ ਸ਼ਹਿਰ ਬਣ ਗਿਆ ਹੈ ਜਿੱਥੇ ਜਾਤ-ਅਧਾਰਿਤ ਵਿਤਕਰੇ 'ਤੇ ਪਾਬੰਦੀ ਲਗਾਈ ਗਈ ਹੈ, ਅਤੇ ਇਸ ਨਾਲ, ਪਿਆਰ ਨੇ ਨਫ਼ਰਤ 'ਤੇ ਜਿੱਤ ਪ੍ਰਾਪਤ ਕੀਤੀ ਹੈ। ਅਸੀਂ ਬਲਾਤਕਾਰ ਦੀਆਂ ਧਮਕੀਆਂ, ਜਾਨੋਂ ਮਾਰਨ ਦੀਆਂ ਧਮਕੀਆਂ, ਦੁਰਪ੍ਰਚਾਰ ਅਤੇ ਕੱਟੜਤਾ 'ਤੇ ਕਾਬੂ ਪਾ ਕੇ ਇਹ ਕੰਮ ਕੀਤਾ।

ਇਸ ਪ੍ਰਸਤਾਵ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ 'ਹਿੰਦੂ ਅਮਰੀਕਨ ਫ਼ਾਊਂਡੇਸ਼ਨ' ਨੇ ਕਿਹਾ ਕਿ ਗ਼ੈਰ-ਵਿਤਕਰੇ ਵਾਲੀ ਨੀਤੀ 'ਚ ਦੱਖਣੀ ਏਸ਼ੀਆਈਆਂ ਨੂੰ ਵੱਖ ਕਰਨਾ ਅਤੇ 'ਜਾਤ' ਨੂੰ ਜੋੜਨਾ ਉਸੇ ਨੀਤੀ ਦੀ ਉਲੰਘਣਾ ਕਰਦਾ ਹੈ, ਜਿਸ ਨੂੰ ਹੁਣ ਸੋਧਿਆ ਗਿਆ ਹੈ।

ਕਈ ਭਾਰਤੀ-ਅਮਰੀਕੀਆਂ ਨੂੰ ਡਰ ਹੈ ਕਿ ਸਰਕਾਰੀ ਨੀਤੀ ਵਿੱਚ ਜਾਤ ਨੂੰ ਸ਼ਾਮਲ ਕਰਨ ਨਾਲ ਅਮਰੀਕਾ ਵਿੱਚ ਹਿੰਦੂਫ਼ੋਬੀਆ ਦੇ ਮਾਮਲਿਆਂ ਵਿੱਚ ਵਾਧਾ ਹੋਵੇਗਾ।

ਅਮਰੀਕਾ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਮਹਾਤਮਾ ਗਾਂਧੀ ਅਤੇ ਮਰਾਠਾ ਸਮਰਾਟ ਸ਼ਿਵਾਜੀ ਸਮੇਤ ਪੰਜ ਬੁੱਤਾਂ ਅਤੇ 10 ਹਿੰਦੂ ਮੰਦਰਾਂ ਦੀ ਭੰਨਤੋੜ ਕੀਤੀ ਗਈ ਹੈ।