ਬੁਰਜ਼ ਖ਼ਲੀਫ਼ਾ 'ਤੇ ਨਜ਼ਰ ਆਈ ਨਿਊਜ਼ੀਲੈਂਡ ਪੀਐਮ ਦੀ ਤਸਵੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਿਊਜ਼ੀਲੈਂਡ ਦੀ ਪੀਐਮ ਨੇ ਪਿਛਲੇ ਹਫ਼ਤੇ ਕ੍ਰਾਈਸਟਚਰਚ 'ਤੇ ਹੋਏ ਹਮਲੇ ਤੋਂ ਬਾਅਦ ਜਿਸ ਤਰ੍ਹਾਂ ਦੇਸ਼ ਦੇ ਹਲਾਤਾਂ ਨੂੰ ਸਭਾਲਿਆ ਹੈ, ਉਸਦੀ ਤਾਰੀਫ ਪੂਰੀ ਦੁਨੀਆ ਕਰ ਰਹੀ ਹੈ।

Jacinda Ardern

ਦੁਬਈ : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਡਨ ਨੇ ਪਿਛਲੇ ਹਫ਼ਤੇ ਕ੍ਰਾਈਸਟਚਰਚ 'ਤੇ ਹੋਏ ਹਮਲੇ ਤੋਂ ਬਾਅਦ ਜਿਸ ਤਰ੍ਹਾਂ ਦੇਸ਼ ਦੇ ਹਲਾਤਾਂ ਨੂੰ ਸਭਾਲਿਆ ਹੈ, ਉਸਦੀ ਤਾਰੀਫ ਪੂਰੀ ਦੁਨੀਆ ਕਰ ਰਹੀ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਡਨ ਦੀ ਹਿਜ਼ਾਬ ਪਹਿਨੇ ਹੋਏ ਤਸਵੀਰ ਦੁਬਈ ਸਥਿਤ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ 'ਬੁਰਜ਼ ਖ਼ਲੀਫ਼ਾ' 'ਤੇ ਨਜ਼ਰ ਆਈ ਹੈ। ਅਜਿਹਾ ਪਿਛਲੇ ਹਫ਼ਤੇ ਕ੍ਰਾਈਸਟਚਰਚ 'ਤੇ ਹੋਏ ਹਮਲੇ ਨੂੰ ਲੈ ਕੇ ਪੀੜਤਾਂ ਦੇ ਪ੍ਰਤੀ ਅਡਨ ਵਲੋਂ ਦਿਖਾਏ ਸਮਰਥਨ 'ਤੇ ਧੰਨਵਾਦ ਜ਼ਾਹਰ ਕਰਨ ਲਈ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਸੰਯੁਕਤ ਅਰਬ ਅਮੀਰਾਤ ਦੇ ਪ੍ਰਧਾਨ ਮੰਤਰੀ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ ਮਖ਼ਤੂਮ ਨੇ ਟਵੀਟ ਕਰਕੇ ਕਿਹਾ ''ਨਿਊਜ਼ੀਲੈਂਡ ਅੱਜ ਮਸਜਿਦ ਹਮਲਿਆਂ ਦੇ ਸ਼ਹੀਦਾਂ ਦੇ ਸਨਮਾਨ ਵਿਚ ਚੁੱਪ ਹੋ ਗਿਆ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਡਨ ਤੁਹਾਡਾ ਅਤੇ ਨਿਊਜ਼ੀਲੈਂਡ ਦੀ ਇਮਾਨਦਾਰੀ ਅਤੇ ਹਮਦਰਦੀ ਲਈ ਧੰਨਵਾਦ। ਇਸ ਨੇ ਮੁਸਲਿਮ ਸਮਾਜ 'ਤੇ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਦੁਨੀਆ ਭਰ ਦੇ 1.5 ਬਿਲੀਅਨ ਮੁਸਲਮਾਨਾਂ ਦਾ ਸਨਮਾਨ ਜਿੱਤਿਆ ਹੈ।''

ਜ਼ਿਕਰਯੋਗ ਹੈ ਕਿ ਕ੍ਰਾਈਸਟਚਰਚ ਮਸਜਿਦ ਵਿਚ ਹੋਏ ਹਮਲੇ ਦੌਰਾਨ ਮਾਰੇ ਗਏ ਲੋਕਾਂ ਨੂੰ ਬੀਤੇ ਦਿਨ ਸ਼ੁੱਕਰਵਾਰ ਨੂੰ ਸਪੁਰਦ-ਏ-ਖ਼ਾਕ ਕੀਤਾ ਗਿਆ ਹੈ। ਇਸ ਹਮਲੇ ਵਿਚ 50 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਹ ਘਟਨਾ 15 ਮਾਰਚ ਨੂੰ ਉਸ ਸਮੇਂ ਵਾਪਰੀ ਸੀ ਜਦੋਂ ਮੁਸਲਿਮ ਲੋਕ ਮਸਜਿਦ ਦੇ ਅੰਦਰ ਨਮਾਜ਼ ਅਦਾ ਕਰ ਰਹੇ ਸਨ।

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਡਨ ਨਾ ਸਿਰਫ ਪੀੜਤਾਂ ਨੂੰ ਮਿਲੀ, ਬਲਕਿ ਉਹਨਾਂ ਨੇ ਇਸ ਸਮੇਂ ਦੌਰਾਨ ਕਾਲੇ ਕੱਪੜੇ ਪਹਿਨ ਕੇ ਰੱਖੇ ਅਤੇ ਸਿਰ ਵੀ ਢਕ ਕੇ ਰੱਖਿਆ। ਇਸ ਅਤਿਵਾਦੀ ਘਟਨਾ ਤੋਂ ਬਾਅਦ ਨਿਊਜ਼ੀਲੈਂਡ ਵਿਚ ਗਮੀ ਦਾ ਮਾਹੌਲ ਹੈ, ਪਰ ਪੀੜਤ ਪਰਿਵਾਰਾਂ ਦੀ ਮਦਦ ਲਈ ਸਥਾਨੀ ਨਿਵਾਸੀ ਲਗਾਤਾਰ ਜੁਟੇ ਹੋਏ ਹਨ।