ਬ੍ਰੈਗਜ਼ਿਟ ਮਾਮਲੇ 'ਚ ਥੈਰੇਸਾ ਮੇਅ ਨੇ ਕੀਤਾ ਅਸਤੀਫ਼ੇ ਦਾ ਐਲਾਨ
ਅਗਲਾ ਨੇਤਾ ਚੁਣੇ ਜਾਣ ਤੱਕ ਇਸੇ ਅਹੁਦੇ 'ਤੇ ਬਣੀ ਰਹੇਗੀ ਥੈਰੇਸਾ ਮੇਅ
ਲੰਦਨ : ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਬ੍ਰੈਗਜ਼ਿਟ ਮਾਮਲੇ ਵਿਚ ਅੱਜ ਭਾਵ ਸ਼ੁਕਰਵਾਰ ਨੂੰ ਅਸਤੀਫ਼ੇ ਦਾ ਐਲਾਨ ਕੀਤਾ। ਇਸਦੇ ਨਾਲ ਹੀ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਲੈ ਕੇ ਕਿਆਸਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਅਗਲਾ ਨੇਤਾ ਚੁਣੇ ਜਾਣ ਤੱਕ ਉਹ ਇਸ ਅਹੁਦੇ 'ਤੇ ਬਣੀ ਰਹੇਗੀ। ਮੰਨਿਆ ਜਾ ਰਿਹਾ ਹੈ ਕਿ 7 ਜੂਨ ਨੂੰ ਨਵੇਂ ਨੇਤਾ ਦਾ ਐਲਾਨ ਹੋ ਜਾਵੇਗਾ। ਉਦੋਂ ਤਕ ਮੇਅ ਅਪਣੀ ਜ਼ਿੰਮੇਵਾਰੀ ਨਿਭਾਏਗੀ।
ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਅਸਤੀਫ਼ਾ ਦੇਣ ਦਾ ਐਲਾਨ ਕਰਨ ਤੋਂ ਬਾਅਦ ਥੈਰੇਸਾ ਭਾਵੁਕ ਹੋ ਗਈ ਅਤੇ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਉਨ੍ਹਾਂ ਨੇ ਕਿਹਾ ਕਿ ਸਾਡੀ ਪਾਰਟੀ 'ਤੇ ਕਾਫੀ ਦਬਾਅ ਸੀ। ਅਪਣੇ ਸੰਬੋਧਨ ਦੌਰਾਨ ਥੈਰੇਸਾ ਕਾਫੀ ਭਾਵੁਕ ਹੋ ਗਈ ਅਤੇ ਕਾਫੀ ਮੁਸ਼ਕਲ ਨਾਲ ਉਨ੍ਹਾਂ ਨੇ ਅਪਣੀ ਗੱਲ ਖ਼ਤਮ ਕੀਤੀ। ਉਨ੍ਹਾਂ ਲਈ ਬ੍ਰੈਗਜ਼ਿਟ ਮਾਮਲਾ ਵੱਡਾ ਸੰਕਟ ਸਾਬਤ ਹੋਇਆ।
ਬ੍ਰਿਟੇਨ ਸਰਕਾਰ ਦੇ ਵਹੀਪ ਸਪੈਂਸਰ ਨੇ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਕਾਮਨਜ਼ ਵਿਚ ਕਿਹਾ ਕਿ ਉਹ ਛੁੱਟੀਆਂ ਦੇ ਬਾਅਦ ਜੂਨ ਵਿਚ ਸੰਸਦ ਦਾ ਸੈਸ਼ਨ ਦੁਬਾਰਾ ਸ਼ੁਰੂ ਹੋਣ ਦੇ ਬਾਅਦ ਯੂਰਪੀ ਯੂਨੀਅਨ ਤੋਂ ਨਿਕਲਣ ਦੇ ਬਿੱਲ ਦੇ ਪ੍ਰਕਾਸ਼ਨ ਅਤੇ ਚਰਚਾ ਦੇ ਬਾਰੇ ਵਿਚ ਸਾਂਸਦਾਂ ਨੰ ਸੂਚਿਤ ਕਰਨਗੇ। ਪਹਿਲਾਂ ਆਸ ਸੀ ਕਿ ਬ੍ਰੈਗਜ਼ਿਟ ਬਿੱਲ ਨੂੰ ਸ਼ੁਕਰਵਾਰ ਨੂੰ ਪੇਸ਼ ਕੀਤਾ ਜਾਵੇਗਾ। ਸਪੈਂਸਰ ਨੇ ਕਿਹਾ,''ਸਾਨੂੰ ਆਸ ਹੈ ਕਿ ਅਸੀਂ ਦੂਜੀ ਵਾਰ ਇਸ 'ਤੇ ਸ਼ੁਕਰਵਾਰ 7 ਜੂਨ ਨੂੰ ਵਿਚਾਰ ਕਰਾਂਗੇ।'' ਥੈਰੇਸਾ ਨੇ ਯੂਰਪੀ ਯੂਨੀਅਨ ਤੋਂ ਹਟਣ ਦੀ ਅਪਣੀ ਯੋਜਨਾ ਦੇ ਬਾਰੇ ਵਿਚ ਸੋਧ ਰਣਨੀਤੀ ਦੇ ਨਾਲ ਅਪਣੇ ਮੰਤਰੀਆਂ 'ਤੇ ਜਿੱਤ ਹਾਸਲ ਕਰਨ ਵਿਚ ਅਸਫ਼ਲ ਰਹਿਣ ਦੇ ਬਾਅਦ ਅਹੁਦਾ ਛੱਡਣ ਦਾ ਐਲਾਨ ਕੀਤਾ।