'ਅਮਰੀਕਾ ਨੂੰ ਦੁਬਾਰਾ ਧਮਕੀ ਨਾ ਦੇਣਾ, ਨਹੀਂ ਤਾਂ ਅੰਜਾਮ ਭੁਗਤਣੇ ਪੈਣਗੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੂੰ ਚਿਤਾਵਨੀ ਦਿਤੀ.............

Donald Trump

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੂੰ ਚਿਤਾਵਨੀ ਦਿਤੀ। ਉਨ੍ਹਾਂ ਨੇ ਅਪਣੇ ਟਵੀਟ 'ਚ ਲਿਖਿਆ, ''ਜੇ ਕਰ ਉਹ ਦੁਬਾਰਾ ਅਮਰੀਕਾ ਨੂੰ ਧਮਕਾਉਂਦਾ ਹੈ ਤਾਂ ਉਸ ਨੂੰ ਇਸ ਦੇ ਅੰਜਾਮ ਭੁਗਤਣੇ ਪੈਣਗੇ। ਜਿਸ ਦੇ ਉਦਾਹਰਣ ਇਤਿਹਾਸ ਵਿਚ ਵਿਰਲੇ ਹੀ ਮਿਲਦੇ ਹਨ।'' ਉਨ੍ਹਾਂ ਨੇ ਅਪਣੀ ਗੱਲ 'ਤੇ ਜ਼ੋਰ ਦੇਣ ਲਈ ਪੂਰਾ ਮੈਸੇਜ ਵੱਡੇ ਅੱਖਰਾਂ 'ਚ ਲਿਖਿਆ। ਇਸ ਤੋਂ ਪਹਿਲਾਂ ਰੂਹਾਨੀ ਨੇ ਟਰੰਪ ਨੂੰ ਚਿਤਾਵਨੀ ਦਿੰਦਿਆਂ ਕਿਹਾ ਸੀ, ''ਉਹ ਸੁੱਤੇ ਸ਼ੇਰ ਨੂੰ ਨਾ ਛੇੜਨ।''

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਰੂਹਾਨੀ ਨੇ ਈਰਾਨੀ ਸਫ਼ੀਰਾਂ ਦੇ ਇਕ ਸਮਾਗਮ 'ਚ ਕਿਹਾ ਸੀ, ''ਈਰਾਨ ਦੇ ਦੁਸ਼ਮਣ ਚੰਗੀ ਤਰ੍ਹਾਂ ਸਮਝ ਲੈਣ - ਈਰਾਨ ਨਾਲ ਸ਼ਾਂਤੀ, ਸਾਰੀ ਸ਼ਾਂਤੀਆਂ ਤੋਂ ਵੱਡੀ ਹੋਵੇਗੀ। ਸਾਡੇ ਨਾਲ ਜੰਗ ਵੀ ਸਾਰੇ ਜੰਗਾਂ ਤੋਂ ਵੱਡੀ ਹੋਵੇਗੀ।''ਅਮਰੀਕਾ ਨੇ ਮਈ 'ਚ ਈਰਾਨ ਨਾਲ ਇਤਿਹਾਸਕ ਪ੍ਰਮਾਣੂ ਸਮਝੌਤਾ ਖ਼ਤਮ ਕਰ ਦਿਤਾ ਸੀ। ਨਾਲ ਹੀ ਉਸ 'ਤੇ ਨਵੀਆਂ ਪਾਬੰਦੀਆਂ ਲਗਾ ਦਿਤੀਆਂ ਸਨ, ਜੋ ਅਗਸਤ 'ਚ ਲਾਗੂ ਹੋ ਰਹੀਆਂ ਹਨ।

ਅਮਰੀਕਾ ਦੇ ਇਸ ਕਦਮ ਤੋਂ ਬਾਅਦ ਹੀ ਦੋਹਾਂ ਦੇਸ਼ਾਂ ਵਿਚਕਾਰ ਟਕਰਾਅ ਹੋਰ ਵੱਧ ਗਿਆ ਹੈ। ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਨੇ ਇਸ ਸਮਝੌਤੇ ਨੂੰ ਅਮਰੀਕਾ ਲਈ ਨੁਕਸਾਨਦਾਇਕ ਦਸਿਆ ਸੀ। ਉਨ੍ਹਾਂ ਕਿਹਾ ਕਿ ਸੀ ਕਿ ਉਹ ਸੱਤਾ 'ਚ ਆਉਣ ਤੋਂ ਬਾਅਦ ਇਸ ਨੂੰ ਖ਼ਤਮ ਕਰ ਦੇਣਗੇ। (ਪੀਟੀਆਈ)