ਚੀਨੀ ਸਰਗਰਮੀ ਤੋਂ ਅਮਰੀਕਾ ਚਿੰਤਤ, ਮਾਈਕ ਪੋਪੀਓ ਨੇ ਚੀਨ ਨੂੰ ਦਸਿਆ ਦੁਨੀਆਂ ਲਈ ਖ਼ਤਰਾ!

ਏਜੰਸੀ

ਖ਼ਬਰਾਂ, ਕੌਮਾਂਤਰੀ

ਦੋਵਾਂ ਦੇਸ਼ਾਂ ਵਿਚਾਲੇ ਇਕ-ਦੂਜੇ ਨੂੰ ਚਿਤਾਵਨੀਆਂ ਦੇਣ ਦਾ ਦੌਰ ਸ਼ੁਰੂ

Mike Popio

ਵਾਸ਼ਿੰਗਟਨ : ਦੁਨੀਆਂ ਨੂੰ ਕਰੋਨਾ ਵੰਡਣ ਤੋਂ ਬਾਅਦ ਚੀਨ ਦੇ ਰੁਖ 'ਚ ਅਚਾਨਕ ਆਈ ਸਰਗਰਮੀ ਤੋਂ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਚਿੰਤਤ ਹਨ। ਖੁਦ ਨੂੰ ਕਰੋਨਾ ਮੁਕਤ ਐਲਾਨ ਤੋਂ ਬਾਅਦ ਚੀਨ ਵਲੋਂ ਦੱਖਣੀ ਚੀਨ ਸਾਗਰ ਸਮੇਤ ਅਪਣੇ ਗੁਆਢੀ ਦੇਸ਼ਾਂ ਨੂੰ ਫ਼ੌਜੀ ਤਾਕਤ ਦੇ ਜ਼ੋਰ 'ਤੇ ਡਰਾਉਣ-ਧਮਕਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੇ ਅਮਰੀਕਾ ਦੀ ਚਿੰਤਾ ਵਧਾ ਦਿਤੀ ਹੈ।  

ਹੁਣ ਤਾਂ ਮਹਾਂਸ਼ਕਤੀ ਅਮਰੀਕਾ ਨੂੰ ਵੀ ਅਜਿਹਾ ਲੱਗਣ ਲੱਗਾ ਹੈ ਕਿ ਜੇਕਰ ਚੀਨ ਨੂੰ ਨਾ ਬਦਲਿਆ ਤਾਂ ਉਹ ਉਸਨੂੰ ਬਦਲ ਦੇਵੇਗਾ। ਇਸੇ ਦੌਰਾਨ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਚੀਨ ਨੂੰ ਦੁਨੀਆ ਲਈ ਸਭ ਤੋਂ ਵੱਡਾ ਖ਼ਤਰਾ ਦਸਿਆ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕਮਿਊਨਿਸਟ ਸ਼ਾਸਿਤ ਚੀਨ ਨੂੰ ਵਿਸ਼ਵ ਲਈ ਖ਼ਤਰਾ ਦੱਸ ਚੁੱਕੇ ਹਨ।  

ਕਰੋਨਾ ਮਹਾਮਾਰੀ ਦੀ ਉਤਪਤੀ ਨੂੰ ਲੈ ਕੇ ਵੀ ਦੋਵਾਂ ਦੇਸ਼ਾਂ ਵਿਚਾਲੇ ਕਾਫ਼ੀ ਮੱਤਭੇਦ ਸਾਹਮਣੇ ਆਏ ਸਨ। ਇਸ ਤੋਂ ਪਹਿਲਾਂ ਦੋਵੇਂ ਦੇਸ਼ ਵਪਾਰਕ ਮੁੱਦਿਆਂ 'ਤੇ ਉਲਝ ਚੁੱਕੇ ਹਨ। ਹੁਣ ਨੌਬਤ ਇਕ ਦੂਜੇ ਦੇ ਸਰਾਫ਼ਤਖਾਨੇ ਬੰਦ ਕਰਵਾਉਣ ਤਕ ਵੀ ਪਹੁੰਚਦੀ ਜਾਪ ਰਹੀ ਹੈ। ਇਸ ਤੋਂ ਦੋਵੇਂ ਦੇਸ਼ਾਂ ਦੇ ਨਵੇਂ ਸ਼ੀਤ ਯੁੱਧ ਵੱਲ ਵਧਣ ਦੀਆਂ ਸ਼ੰਕਾਵਾਂ ਪੈਦਾ ਹੋਣ ਲੱਗੀਆਂ ਹਨ।

ਅਮਰੀਕਾ ਦੀ ਨਿਕਸਨ ਲਾਇਬ੍ਰੇਰੀ ਵਿਚ ਭਾਸ਼ਣ ਦੌਰਾਨ ਪੋਂਪੀਓ ਨੇ ਕਿਹਾ ਕਿ ਅਸੀਂ ਚੀਨ ਨਾਲ ਨਜਿੱਠਣ ਲਈ ਅਪਣੇ ਸਹਿਯੋਗੀ ਦੇਸ਼ਾਂ ਨਾਲ ਢੰਗ-ਤਰੀਕਿਆਂ ਦੀ ਭਾਲ ਕਰ ਰਹੇ ਹਾਂ। ਇਹ ਸਾਡੇ ਸਮੇਂ ਦੀ ਸਭ ਤੋਂ ਵੱਡੀ ਚੁਣੌਤੀ ਤੇ ਮਿਸ਼ਨ ਹੈ। ਚੀਨ ਸਾਡੇ ਲੋਕਾਂ ਦੀ ਤੰਦਰੁਸਤੀ ਤੇ ਸੁਤੰਤਰਤਾ ਲਈ ਖ਼ਤਰਾ ਬਣ ਰਿਹਾ ਹੈ। 1970 ਦੇ ਆਸਪਾਸ ਹੀ ਸਾਡੇ ਨੇਤਾਵਾਂ ਨੂੰ ਪਤਾ ਲੱਗ ਗਿਆ ਕਿ ਕਮਿਊਨਿਸਟ ਸ਼ਾਸਨ ਕਿਧਰ ਜਾ ਰਿਹਾ ਹੈ।''

ਪੋਂਪੀਓ ਮੁਤਾਬਕ ਚੀਨ ਵਿਚ ਮਨੁੱਖੀ ਅਧਿਕਾਰਾਂ ਲਈ ਕੋਈ ਜਗ੍ਹਾ ਨਹੀਂ। ਉਹ ਕਾਰੋਬਾਰ ਵਧਾਉਣ ਤੇ ਮੁਨਾਫ਼ਾ ਕਮਾਉਣ ਲਈ ਕਿਸੇ ਵੀ ਹੱਦ ਤਕ ਜਾ ਸਕਦਾ ਹੈ। ਹੁਣ ਉਸ ਦੀ ਸਾਜਿਸ਼ ਅਮਰੀਕੀ ਸਮਾਜ ਵਿਚ ਸੰਨ੍ਹ ਲਾਉਣ ਦੀ ਹੈ ਪਰ, ਸ਼ਾਇਦ ਉਹ ਸਾਡੀ ਤਾਕਤ ਨਹੀਂ ਜਾਣਦਾ।

ਪੋਂਪੀਓ ਨੇ ਕਿਹਾ ਕਿ ਬਰਾਬਰ ਵਿਚਾਰਧਾਰਾ ਤੇ ਲੋਕਤੰਤਰ ਪੱਖੀ ਦੇਸ਼ਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ, ਜੇ ਅਸੀਂ ਫਿਰ ਵੀ ਕਮਿਊਨਿਸਟ ਸ਼ਾਸਿਤ ਚੀਨ ਨੂੰ ਨਹੀਂ ਬਦਲਿਆ, ਤਾਂ ਉਹ ਸਾਨੂੰ ਬਦਲ ਦੇਵੇਗਾ।”ਕਾਬਲੇਗੌਰ ਹੈ ਕਿ ਚੀਨ ਦੇ ਹਮਲਾਵਰ ਰੁਖ ਨੂੰ ਭਾਂਪਦਿਆਂ ਅਮਰੀਕਾ ਪਹਿਲਾਂ ਹੀ ਚੀਨ ਖਿਲਾਫ਼ ਲਾਮਬੰਦੀ ਸ਼ੁਰੂ ਕਰ ਚੁੱਕਾ ਹੈ। ਭਾਰਤ, ਜਾਪਾਨ, ਆਸਟ੍ਰੇਲੀਆ ਅਤੇ ਚੀਨ ਦੇ ਹੋਰ ਗੁਆਢੀ ਮੁਲਕਾਂ ਨਾਲ ਅਮਰੀਕਾ ਦੀਆਂ ਵਧਦੀਆਂ ਨਜ਼ਦੀਕੀਆਂ ਨੂੰ ਇਸੇ ਦਿਸ਼ਾ 'ਚ ਚੁੱਕੇ ਗਏ ਕਦਮਾਂ ਵਜੋਂ ਵੇਖਿਆ ਜਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।