ਤੁਰਕੀ 'ਚ ਜ਼ਬਰਦਸਤ ਭੂਚਾਲ ਨੇ ਮਚਾਈ ਤਬਾਹੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਈ ਲੋਕਾਂ ਦੀ ਮੌਤਾਂ, ਕਈ ਇਮਾਰਤਾਂ ਜ਼ਮੀਨਦੋਜ਼

File

ਤੁਰਕੀ ਦੇ ਪੂਰਬੀ ਹਿੱਸੇ ਵਿਚ ਉਸ ਸਮੇਂ ਤਬਾਹੀ ਮਚ ਗਈ ਜਦੋਂ 6.8 ਤੀਬਰਤਾ ਵਾਲੇ ਭੂਚਾਲ ਨੇ ਕਈ ਇਮਾਰਤਾਂ ਨੂੰ ਜ਼ਮੀਨਦੋਜ਼ ਕਰ ਦਿੱਤਾ। ਇਸ ਦੌਰਾਨ ਕਈ ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋ ਗਏ। ਆਫ਼ਤ ਅਤੇ ਹੰਗਾਮੀ ਹਾਲਤ ਨਾਲ ਨਿਪਟਣ ਵਾਲੀ ਏਜੰਸੀ ਮੁਤਾਬਕ ਭੂਚਾਲ ਦੇ ਇਹ ਝਟਕੇ ਪੂਰਬੀ ਐਲਾਜ਼ਿਗ ਸਿਵਰਿਸ ਕਸਬੇ ਲਾਗੇ ਸਭ ਤੋਂ ਜ਼ਿਆਦਾ ਮਹਿਸੂਸ ਕੀਤੇ ਗਏ। ਜਿਨ੍ਹਾਂ ਨੇ ਤਬਾਹੀ ਮਚਾ ਕੇ ਰੱਖ ਦਿੱਤੀ। 

ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਕਈ ਇਮਾਰਤਾਂ ਵਿਚ ਅੱਗ ਲੱਗਣ ਦੀਆਂ ਖ਼ਬਰਾਂ ਵੀ ਮਿਲੀਆਂ ਹਨ। ਇਹ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਇਸ ਦੇ ਝਟਕੇ ਨਾਲ ਦੇ ਗੁਆਂਢੀ ਮੁਲਕਾਂ ਇਰਾਕ, ਸੀਰੀਆ ਅਤੇ ਲਿਬਨਾਨ ਵਿਚ ਵੀ ਮਹਿਸੂਸ ਕੀਤੇ ਗਏ ਪਰ ਉਥੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਤੁਰਕੀ ਦੇ ਐਲਾਜ਼ਿਗ ਕਸਬੇ ਵਿਚ ਭੂਚਾਲ ਕਾਰਨ 10 ਇਮਾਰਤਾਂ ਤਹਿਸ ਨਹਿਸ ਹੋ ਗਈਆਂ। 

ਪ੍ਰਭਾਵਿਤ ਇਲਾਕਿਆਂ ਵਿਚ ਤੁਰੰਤ ਬਚਾਅ ਅਤੇ ਰਾਹਤ ਅਭਿਆਨ ਚਲਾਇਆ ਜਾ ਰਿਹਾ ਹੈ। 200 ਤੋਂ ਵੀ ਜ਼ਿਆਦਾ ਜ਼ਖ਼ਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਜਿਵੇਂ ਇਹ ਭੂਚਾਲ ਆਇਆ ਤਾਂ ਇਕਦਮ ਚੀਕ ਚਿਹਾੜਾ ਮੱਚ ਗਿਆ, ਵੱਡੀ ਗਿਣਤੀ ਵਿਚ ਲੋਕ ਅਪਣੀ ਜਾਨ ਬਚਾਉਣ ਲਈ ਸੜਕਾਂ 'ਤੇ ਆ ਗਏ। ਇਸ ਦੌਰਾਨ ਭੂਚਾਲ ਦੇ 15 ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਫੈਲ ਗਈ। 

ਭੂਚਾਲ ਰਾਤ ਦੇ ਕਰੀਬ 8 ਵਜ ਕੇ 55 ਮਿੰਟ 'ਤੇ ਆਇਆ ਸੀ। ਬੋਗਾਜ਼ੀਕੀ ਯੂਨੀਵਰਸਿਟੀ ਤੇ ਭੂਚਾਲ ਖੋਜ ਸੰਸਥਾਨ ਦੀ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ  ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.5 ਨਾਪੀ ਗਈ। ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸਇਲੂ ਨੇ ਆਪਣੇ ਬਿਆਨ ਵਿਚ ਕਿਹਾ ਕਿ ਸ਼ੁਰੂਆਤੀ ਰਿਪੋਰਟ ਮੁਤਾਬਕ ਭੂਚਾਲ ਕਾਰਨ ਚਾਰ–ਪੰਜ ਇਮਾਰਤਾਂ ਢਹਿ–ਢੇਰੀ ਹੋਣ ਦੀ ਗੱਲ ਆਖੀ।

ਜਦਕਿ 10 ਕਰੀਬ ਹੋਰ ਇਮਾਰਤਾਂ ਨੂੰ ਵੀ ਭਾਰੀ ਨੁਕਸਾਨ ਪੁੱਜਿਆ। ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਹੋਰ ਜ਼ਿਆਦਾ ਵਧ ਸਕਦੀ ਐ ਕਿਉਂਕਿ ਇਮਾਰਤਾਂ ਦੇ ਮਲਬੇ ਹੇਠਾਂ ਕਈ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਕੱਢਣ ਦੀ ਮੁਹਿੰਮ ਲਗਾਤਾਰ ਜਾਰੀ ਹੈ।