ਚੀਨ ਨੇ ਅਰੁਣਾਚਲ ਪ੍ਰਦੇਸ਼ ’ਤੇ ਮੁੜ ਅਪਣਾ ਦਾਅਵਾ ਪ੍ਰਗਟਾਇਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੀ ਤਾਜ਼ਾ ਟਿਪਣੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਅਰੁਣਾਚਲ ਪ੍ਰਦੇਸ਼ ’ਤੇ ਚੀਨ ਦੇ ਦਾਅਵੇ ਨੂੰ ਦੁਹਰਾਇਆ

China and India

ਬੀਜਿੰਗ: ਚੀਨ ਨੇ ਸੋਮਵਾਰ ਨੂੰ ਇਕ ਵਾਰ ਫਿਰ ਦਾਅਵਾ ਕੀਤਾ ਕਿ ਅਰੁਣਾਚਲ ਪ੍ਰਦੇਸ਼ ਉਸ ਦਾ ਖੇਤਰ ਹੈ। ਭਾਰਤ ਨੇ ਬੀਜਿੰਗ ਦੇ ਦਾਅਵੇ ਨੂੰ ਬੇਤੁਕਾ ਅਤੇ ਹਾਸੋਹੀਣਾ ਦੱਸਦਿਆਂ ਰੱਦ ਕਰ ਦਿਤਾ ਹੈ। ਸੋਮਵਾਰ ਨੂੰ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੀ ਤਾਜ਼ਾ ਟਿਪਣੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਅਰੁਣਾਚਲ ਪ੍ਰਦੇਸ਼ ’ਤੇ ਚੀਨ ਦੇ ਦਾਅਵੇ ਨੂੰ ਦੁਹਰਾਇਆ। 

ਜੈਸ਼ੰਕਰ ਨੇ ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਦੇ ਵੱਕਾਰੀ ਇੰਸਟੀਚਿਊਟ ਆਫ ਸਾਊਥ ਏਸ਼ੀਅਨ ਸਟੱਡੀਜ਼ (ਆਈ.ਐਸ.ਏ.ਐਸ.) ਵਿਚ ਭਾਸ਼ਣ ਦੇਣ ਤੋਂ ਬਾਅਦ ਅਰੁਣਾਚਲ ਮੁੱਦੇ ’ਤੇ ਇਕ ਸਵਾਲ ਦੇ ਜਵਾਬ ਵਿਚ ਕਿਹਾ, ‘‘ਇਹ ਕੋਈ ਨਵਾਂ ਮੁੱਦਾ ਨਹੀਂ ਹੈ। ਮੇਰਾ ਮਤਲਬ ਹੈ ਕਿ ਚੀਨ ਨੇ ਇਸ ’ਤੇ ਦਾਅਵਾ ਕੀਤਾ ਹੈ ਅਤੇ ਇਸ ਨੂੰ ਅੱਗੇ ਵਧਾਇਆ ਹੈ। ਇਹ ਦਾਅਵੇ ਸ਼ੁਰੂ ’ਚ ਬੇਤੁਕੇ ਸਨ ਅਤੇ ਅੱਜ ਵੀ ਬੇਤੁਕੇ ਹਨ।’’ ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਅਸੀਂ ਇਸ ਬਾਰੇ ਬਹੁਤ ਸਪੱਸ਼ਟ ਹਾਂ ਅਤੇ ਸਾਡਾ ਰਵੱਈਆ ਨਿਰੰਤਰ ਰਿਹਾ ਹੈ।’’

ਜੈਸ਼ੰਕਰ ਦੀ ਟਿਪਣੀ ’ਤੇ ਸਰਕਾਰੀ ਮੀਡੀਆ ਦੇ ਇਕ ਸਵਾਲ ਦੇ ਜਵਾਬ ’ਚ ਲਿਨ ਨੇ ਕਿਹਾ ਕਿ ਭਾਰਤ ਅਤੇ ਚੀਨ ਸਰਹੱਦੀ ਮੁੱਦੇ ’ਤੇ ਕਦੇ ਵੀ ਸਮਝੌਤੇ ’ਤੇ ਨਹੀਂ ਪਹੁੰਚੇ। ਲਿਨ ਨੇ ਦਾਅਵਾ ਕੀਤਾ ਕਿ ਅਰੁਣਾਚਲ ਪ੍ਰਦੇਸ਼ ਲਈ ਚੀਨ ਦਾ ਅਧਿਕਾਰਤ ਨਾਮ ਜ਼ੈਂਗਨਾਨ ਭਾਰਤ ਦੇ ਗੈਰ-ਕਾਨੂੰਨੀ ਕਬਜ਼ੇ ਤੋਂ ਪਹਿਲਾਂ ਚੀਨ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਚੀਨ ਦਾ ਖੇਤਰ ’ਚ ਹਮੇਸ਼ਾ ‘ਅਸਰਦਾਰ ਪ੍ਰਸ਼ਾਸਨ’ ਰਿਹਾ ਹੈ। 

ਬੁਲਾਰੇ ਨੇ ਦਾਅਵਾ ਕੀਤਾ ਕਿ 1987 ’ਚ ਭਾਰਤ ਨੇ ਅਪਣੇ ਨਾਜਾਇਜ਼ ਕਬਜ਼ੇ ਵਾਲੇ ਖੇਤਰ ’ਤੇ ‘ਅਖੌਤੀ ਅਰੁਣਾਚਲ ਪ੍ਰਦੇਸ਼’ ਦਾ ਨਿਰਮਾਣ ਕੀਤਾ ਸੀ। ਇਸ ਮਹੀਨੇ ਇਹ ਚੌਥੀ ਵਾਰ ਹੈ ਜਦੋਂ ਚੀਨ ਨੇ ਅਰੁਣਾਚਲ ਪ੍ਰਦੇਸ਼ ’ਤੇ ਦਾਅਵਾ ਕੀਤਾ ਹੈ।