ਪਾਕਿਸਤਾਨ : ਲਾਈਵ ਨਿਊਜ਼ ਸ਼ੋਅ ਦੌਰਾਨ ਨੇਤਾ ਨੇ ਪੱਤਰਕਾਰ ਨੂੰ ਕੁੱਟਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ

Pakistan TV debate turns violent after PTI leader attacks panellist

ਇਸਲਾਮਾਬਾਦ : ਪਾਕਿਸਤਾਨ 'ਚ ਇਕ ਨਿਊਜ਼ ਚੈਨਲ ਦਾ ਸਟੂਡੀਓ ਉਦੋਂ ਕੁਸ਼ਤੀ ਦਾ ਅਖਾੜਾ ਬਣ ਗਿਆ ਜਦੋਂ ਸੱਤਾਧਾਰੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਇਕ ਨੇਤਾ ਨੇ ਪੈਨਲ 'ਚ ਸ਼ਾਮਲ ਇਕ ਸੀਨੀਅਰ ਪੱਤਰਕਾਰ ਨੂੰ ਕੁੱਟ ਦਿੱਤਾ। ਇਹ ਸੱਭ ਕੁੱਝ ਲਾਈਵ ਨਿਊਜ਼ ਸ਼ੋਅ ਦੌਰਾਨ ਹੋਇਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

'ਕੇ 21 ਨਿਊਜ਼' 'ਤੇ 'ਨਿਊਜ਼ ਲਾਈਨ ਵਿਦ ਆਫ਼ਤਾਬ ਮੁਘੇਰੀ' ਸ਼ੋਅ ਚੱਲ ਰਿਹਾ ਸੀ। ਪੈਨਲ 'ਚ ਸੱਤਾਧਾਰੀ ਪੀਟੀਆਈ ਦੇ ਮਸਰੂਰ ਅਲੀ ਸਿਆਲ ਅਤੇ ਕਰਾਚੀ ਪ੍ਰੈਸ ਕਲੱਬ ਦੇ ਮੁਖੀ ਇਮਤਿਆਜ਼ ਖ਼ਾਨ ਵੀ ਸ਼ਾਮਲ ਸਨ। ਦੋਹਾਂ ਵਿਚਕਾਰ ਗਰਮਾ-ਗਰਮ ਬਹਿਸ ਚੱਲ ਰਹੀ ਸੀ ਅਤੇ ਵੇਖਦੇ ਹੀ ਵੇਖਦੇ ਬਹਿਸ ਦਾ ਇਹ ਪ੍ਰੋਗਰਾਮ ਨੇਤਾ ਅਤੇ ਪੱਤਰਕਾਰ ਵਿਚਕਾਰ ਲੜਾਈ 'ਚ ਤਬਦੀਲ ਹੋ ਗਿਆ। ਪੀਟੀਆਈ ਨੇਤਾ ਆਪਣੀ ਸੀਟ ਤੋਂ ਖੜਾ ਹੋਇਆ ਅਤੇ ਪੱਤਰਕਾਰ ਨੂੰ ਧੱਕਾ ਦੇ ਕੇ ਉਸ ਨੂੰ ਫ਼ਰਸ਼ 'ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਨੇਤਾ ਨੇ ਪੱਤਰਕਾਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਦੋਹਾਂ ਨੂੰ ਸ਼ੋਅ 'ਚ ਮੌਜੂਦ ਦੂਜੇ ਮਹਿਮਾਨਾਂ ਅਤੇ ਕਰੂ ਨੇ ਵੱਖ ਕੀਤਾ। ਇਸ ਘਟਨਾ ਤੋਂ ਬਾਅਦ ਪੀਟੀਆਈ ਆਗੂ ਦੀ ਕਾਫ਼ੀ ਨਿਖੇਧੀ ਹੋ ਰਹੀ ਹੈ।

ਇਸ ਦੀ ਵੀਡੀਓ ਇਕ ਪਾਕਿਸਤਾਨੀ ਪੱਤਰਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਪੀਟੀਆਈ ਦੇ ਮਸਰੂਰ ਅਲੀ ਸਿਆਲ ਨੂੰ ਇਮਤਿਆਜ਼ ਅਲੀ ਨੂੰ ਧਮਕਾਉਂਦਿਆਂ ਵੇਖਿਆ ਜਾ ਸਕਦਾ ਹੈ। ਉਨ੍ਹਾਂ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਕੀ ਇਹੀ ਨਵਾਂ ਪਾਕਿਸਤਾਨ ਹੈ?"