ਕੈਨੇਡਾ ਸਰਕਾਰ ਨੇ ਮਾਪਿਆਂ ਨੂੰ ਸੱਦਣ ਦੀ ਗਿਣਤੀ 'ਚ ਕੀਤਾ ਵਾਧਾ
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ, ਜਿਹੜੇ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਅਪਣੀ ਫੇਰੀ ਦੌਰਾਨ ਇਥੋਂ ਦੇ ਇਕ ਹਾਲ ਵਿਚ ਪਹੁੰਚੇ ਹੋਏ ਸਨ................
ਵੈਨਕੂਵਰ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ, ਜਿਹੜੇ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਅਪਣੀ ਫੇਰੀ ਦੌਰਾਨ ਇਥੋਂ ਦੇ ਇਕ ਹਾਲ ਵਿਚ ਪਹੁੰਚੇ ਹੋਏ ਸਨ, ਨੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 'ਸਰਕਾਰ ਨੇ ਪ੍ਰਵਾਸੀਆਂ ਲਈ ਖੁੱਲ੍ਹਦਿਲੀ ਵਰਤਦਿਆਂ ਉਨ੍ਹਾਂ ਦੇ ਮਾਪਿਆਂ, ਦਾਦੇ-ਦਾਦੀਆਂ ਅਤੇ ਨਾਨੇ-ਨਾਨੀਆਂ ਨੂੰ ਬੁਲਾਉਣ ਦੀ ਗਿਣਤੀ 'ਚ ਵਾਧਾ ਕੀਤਾ ਹੈ ਜਿਸ ਦੌਰਾਨ ਉਨ੍ਹਾਂ ਨੇ ਪਿਛਲਾ ਲਾਟਰੀ ਸਿਸਟਮ ਖ਼ਤਮ ਕਰ ਕੇ ਹੁਣ ਗਿਣਤੀ 20 ਹਜ਼ਾਰ ਕਰ ਦਿਤੀ ਹੈ। ਇਮੀਗ੍ਰੇਸ਼ਨ ਮੰਤਰੀ ਹੁਸੈਨ ਨੇ ਦਸਿਆ ਕਿ 2019 ਤੋਂ 20 ਹਜ਼ਾਰ ਅਰਜ਼ੀਆਂ ਲਈਆਂ ਜਾਣਗੀਆਂ,
ਜਿਨ੍ਹਾਂ ਦੀ ਘੋਖ-ਪੜਤਾਲ ਕਰਨ ਪਿੱਛੋਂ ਉਨ੍ਹਾਂ ਵਿਚੋਂ ਅਯੋਗ ਜਾਣਗੀਆਂ ਦੀ ਥਾਂ ਉਨੀਆਂ ਹੀ ਅਰਜ਼ੀਆਂ ਹੋਰ ਸ਼ਾਮਲ ਕਰ ਕੇ 20 ਹਜ਼ਾਰ ਅਰਜ਼ੀਆਂ ਪੂਰੀਆਂ ਕੀਤੀਆਂ ਜਾਣਗੀਆਂ। ਭਾਵ ਕਿ 20 ਹਜ਼ਾਰ ਅਰਜ਼ੀਆਂ ਸਹੀ ਮੰਨ ਕੇ ਇਸ ਕੰਮ ਨੂੰ ਪੂਰਿਆ ਜਾਵੇਗਾ। ਪੰਜਾਬੀਆਂ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦਾ ਸਰਕਾਰ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ 'ਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਮਿਸ਼ਨ ਐਬਟਸਫੋਰਡ ਪਾਰਲੀਮਾਨੀ ਹਲਕੇ ਦੇ ਮੈਂਬਰ ਪਾਰਲੀਮੈਂਟ ਜਤਿੰਦਰ ਮੋਹਨਜੀਤ ਸਿੰਘ ਸਿੱਧੂ ਉਰਫ਼ ਜਤੀ ਸਿੱਧੂ ਬਾਰੇ ਗੱਲ ਕਰਦਿਆਂ ਕਿਹਾ ਕਿ ਮਿਸਟਰ ਸਿੱਧੂ ਜਿਵੇਂ ਪਹਿਲੀ ਵਾਰ ਸੰਸਦ ਮੈਂਬਰ ਬਣੇ ਹਨ
ਉਨ੍ਹਾਂ ਵਲੋਂ ਹਲਕੇ 'ਚ ਕੀਤੇ ਕੰਮਾਂ ਤੋਂ ਇਉਂ ਲਗਦਾ ਹੈ ਜਿਵੇਂ ਉਹ ਕਈ ਵਾਰ ਤੋਂ ਮੈਂਬਰ ਪਾਰਲੀਮੈਂਟ ਬਣਦੇ ਆ ਰਹੇ ਹਨ। ਮੰਤਰੀ ਦੇ ਸਵਾਗਤ ਲਈ ਵੱਡੀ ਗਿਣਤੀ 'ਚ ਇਕੱਤਰ ਹੋਏ ਪਾਰਟੀ ਵਰਕਰਾਂ ਨੇ ਮੰਤਰੀ ਨਾਲ ਗੱਲਬਾਤ ਕਰਨ ਉਪਰੰਤ ਖ਼ੁਸ਼ੀ ਮਹਿਸੂਸ ਕੀਤੀ ਅਤੇ ਪਾਰਟੀ ਨਾਲ ਬਣੇ ਰਹਿਣ ਦੀ ਵਚਨਬੱਧਤਾ ਪ੍ਰਗਟਾਈ। ਮੰਤਰੀ ਨੇ ਇਮੀਗ੍ਰੇਸ਼ਨ ਸਿਸਟਮ ਬਾਰੇ ਗੱਲ ਕਰਦਿਆਂ ਦਸਿਆ ਕਿ ਮਾਪਿਆਂ ਨਾਲ ਆਉਣ ਵਾਲੇ ਬੱਚਿਆਂ ਦੀ ਉਮਰ ਹੱਦ ਵੀ 19 ਸਾਲ ਤੋਂ ਵਧਾ ਕੇ 22 ਸਾਲ ਕੀਤੀ ਗਈ ਹੈ।