ਅਮਰੀਕਾ ਨਾਲ ਗੱਲਬਾਤ ਲਈ ਅਜੇ ਵੀ ਤਿਆਰ ਹੈ ਉਤਰ ਕੋਰੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਉਤਰ ਕੋਰੀਆ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੋਵਾਂ ਦੇਸ਼ਾਂ ਵਿਚਕਾਰ ਹੋਣ ਵਾਲੀ ਸਿਖਰ ਵਾਰਤਾ ਨੂੰ ਰੱਦ ਕਰਨ ਦੇ ਫ਼ੈਸਲੇ ਨੂੰ ਬੇਹੱਦ ਅਫ਼ਸੋਸਜਨਕ ਦਸਿਆ ਅਤੇ ...

Kim Jong Un

ਉਤਰ ਕੋਰੀਆ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੋਵਾਂ ਦੇਸ਼ਾਂ ਵਿਚਕਾਰ ਹੋਣ ਵਾਲੀ ਸਿਖਰ ਵਾਰਤਾ ਨੂੰ ਰੱਦ ਕਰਨ ਦੇ ਫ਼ੈਸਲੇ ਨੂੰ ਬੇਹੱਦ ਅਫ਼ਸੋਸਜਨਕ ਦਸਿਆ ਅਤੇ ਕਿਹਾ ਕਿ ਉਹ ਅਜੇ ਵੀ ਵਾਸ਼ਿੰਗਟਨ ਨਾਲ ਗੱਲਬਾਤ ਦਾ ਇਛੁਕ ਹੈ। ਇਕ ਸਮਾਚਾਰ ਏਜੰਸੀ ਨੇ ਉਤਰੀ ਕੋਰੀਆ ਦੇ ਪਹਿਲੇ ਉਪ ਵਿਦੇਸ਼ ਮੰਤਰੀ ਕਿਮ ਕੇ-ਗਵਾਨ ਦੇ ਹਵਾਲੇ ਤੋਂ ਕਿਹਾ, ''ਬੈਠਕ ਰੱਦ ਕਰਨ ਦੀ ਘੋਸ਼ਣਾ ਬਾਰੇ ਅਸੀਂ ਸੋਚਿਆ ਨਹੀਂ ਸੀ ਅਤੇ ਅਸੀਂ ਇਸ ਨੂੰ ਬਹੁਤ ਅਫ਼ਸੋਸਜਨਕ ਮੰਨਦੇ ਹਾਂ।''

ਗਵਾਨ ਨੇ ਕਿਹਾ ਕਿ ਅਸੀਂ ਇਕ ਵਾਰ ਫਿਰ ਅਮਰੀਕਾ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਕਿਸੇ ਵੀ ਸਮੇਂ ਕਿਸੇ ਵੀ ਰੂਪ ਵਿਚ ਆਹਮੋ-ਸਾਹਮਣੇ ਬੈਠ ਕੇ ਸਮੱਸਿਆਵਾਂ ਦਾ ਹੱਲ ਕਰਨ ਲਈ ਤਿਆਰ ਹਾਂ। ਡੋਨਾਲਡ ਟਰੰਪ ਨੇ ਕਿਮ ਜੋਂਗ-ਉਨ ਨਾਲ ਹੋਣ ਵਾਲੀ ਸਿਖਰ ਵਾਰਤਾ ਨੂੰ ਬੀਤੇ ਦਿਨੀਂ ਰੱਦ ਕਰ ਦਿਤਾ ਅਤੇ ਇਸ ਲਈ ਉਤਰੀ ਕੋਰੀਆਈ ਸ਼ਾਸਨ ਦੀ ਖੁੱਲ੍ਹੀ ਦੁਸ਼ਮਣੀ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਨਾਲ ਹੀ ਪਿਉਂਗਯਾਂਗ ਨੂੰ ਵੀ ਮੁਰਖਤਾਪੂਰਨ ਅਤੇ ਲਾਪ੍ਰਵਾਹੀ ਭਰੀ ਕਾਰਵਾਈ ਕਰਨ ਵਿਰੁਧ ਚੇਤਾਵਨੀ ਦਿਤੀ।

ਟਰੰਪ ਨੇ ਕਿਮ ਨੂੰ ਪੱਤਰ ਲਿਖ ਕੇ ਸੂਚਨਾ ਦਿਤੀ ਕਿ ਸਿੰਗਾਪੁਰ ਵਿਚ 12 ਜੂਨ ਨੂੰ ਹੋਣ ਵਾਲੀ ਉਚ ਪਧਰੀ ਬੈਠਕ ਵਿਚ ਉਹ ਹਿੱਸਾ ਨਹੀਂ ਲੈਣਗੇ। ਇਸ ਤੋਂ ਬਾਅਦ ਉਤਰੀ ਕੋਰੀਆ ਦੇ ਪਹਿਲੇ ਉਪ ਵਿਦੇਸ਼ ਮੰਤਰੀ ਕਿਮ ਕੇ-ਗਵਾਨ ਨੇ ਅੱਜ ਅਪਣੇ ਬਿਆਨ ਵਿਚ ਕਿਹਾ ਕਿ ਉਤਰੀ ਕੋਰੀਆਈ ਨੇਤਾ ਸਿਖਰ ਵਾਰਤਾ ਦੀ ਤਿਆਰੀ ਕਰ ਰਹੇ ਸਨ।

ਉਨ੍ਹਾਂ ਕਿਹਾ, ''ਸਾਡੇ ਪ੍ਰਧਾਨ (ਕਿਮ ਜੋਂਗ-ਉਨ) ਨੇ ਵੀ ਕਿਹਾ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬੈਠਕ ਨਾਲ ਇਕ ਨਵੀਂ ਸ਼ੁਰੂਆਤ ਹੋਵੇਗੀ ਅਤੇ ਇਸ ਦੀਆਂ ਤਿਆਰੀਆਂ ਲਈ ਉਹ ਮਿਹਨਤ ਵੀ ਕਰ ਰਹੇ ਸਨ।'' ਟਰੰਪ ਦੇ ਬੈਠਕ ਰੱਦ ਕਰਨ ਦੀ ਘੋਸ਼ਣਾ ਕਰਨ ਤੋਂ ਕੁੱਝ ਦੇਰ ਪਹਿਲਾਂ ਹੀ ਉਤਰੀ ਕੋਰੀਆ ਨੇ ਅਪਣੇ ਪ੍ਰਮਾਣੂ ਪ੍ਰੀਖਣ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਦੀ ਜਾਣਕਾਰੀ ਦਿਤੀ ਸੀ।              (ਪੀ.ਟੀ.ਆਈ)