ਕੋਰੋਨਾ 'ਤੇ WHO- ਜਿੱਥੇ ਘੱਟ ਹੋ ਰਹੇ ਮਾਮਲੇ, ਉੱਥੇ ਫਿਰ ਆ ਸਕਦਾ ਹੈ ਮਰੀਜਾਂ ਦਾ 'ਹੜ੍ਹ'

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ 'ਤੇ ਵਿਸ਼ਵ ਸਿਹਤ ਸੰਗਠਨ ਦੀ ਨਵੀਂ ਚੇਤਾਵਨੀ ਬਣੀ ਚਿੰਤਾ ਦਾ ਵਿਸ਼ਾ

Photo

ਵਾਸ਼ਿੰਗਟਨ: ਵਿਸ਼ਵ ਸਿਹਤ ਸੰਗਠਨ ਨੇ ਗਲੋਬਲ ਮਹਾਂਮਾਰੀ ਕੋਰੋਨਾ ਵਾਇਰਸ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਸੰਗਠਨ ਦਾ ਕਹਿਣਾ ਹੈ ਕਿ ਜਿਨ੍ਹਾਂ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਕਮੀ ਆਈ ਹੈ, ਉੱਥੇ ਜੇਕਰ ਸੰਕਰਮਣ ਰੋਕਣ ਦੇ ਉਪਾਅ ਰੋਕ ਦਿੱਤੇ ਜਾਂਦੇ ਹਨ ਤਾਂ ਫਿਰ ਤੋਂ ਮਰੀਜਾਂ ਦੀ ਗਿਣਤੀ ਵਿਚ ਤੇਜ਼ੀ ਆ ਸਕਦੀ ਹੈ।

ਕੋਰੋਨਾ 'ਤੇ ਸੋਮਵਾਰ ਨੂੰ ਮੀਡੀਆ ਬ੍ਰੀਫਿੰਗ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਮਾਈਕ ਰਿਆਨ ਨੇ ਕਿਹਾ ਕਿ ਦੁਨੀਆ ਵਿਚ ਇਸ ਸਮੇਂ ਕੋਰੋਨਾ ਸੰਕਰਮਣ ਦੀ ਪਹਿਲੀ ਲਹਿਰ ਅੱਧ ਵਿਚਕਾਰ ਹੈ। ਉਹਨਾਂ ਨੇ ਕਿਹਾ, 'ਅਸੀਂ ਹਾਲੇ ਵੀ ਉਸ ਪੜਾਅ ਵਿਚ ਹਾਂ, ਜਿੱਥੇ ਬਿਮਾਰੀ ਹੋਰ ਅੱਗੇ ਜਾਵੇਗੀ'।

ਉਹਨਾਂ ਨੇ ਕਿਹਾ ਕਿ ਜ਼ਿਆਦਾਤਰ ਮਹਾਂਮਾਰੀ ਲਹਿਰ ਦੇ ਰੂਪ ਵਿਚ ਆਉਂਦੀ ਹੈ। ਇਸ ਦਾ ਮਤਬਲ ਇਹ ਹੈ ਕਿ ਜਿੱਥੇ ਮਾਮਲੇ ਘੱਟ ਹਨ, ਉੱਥੇ ਸਾਲ ਦੇ ਅਖੀਰ ਵਿਚ ਸੰਕਰਮਣ ਦੇ ਮਾਮਲੇ ਹੋਰ ਵਧ ਸਕਦੇ ਹਨ। ਇਸ ਤੋਂ ਇਲਾਵਾ ਇਹ ਵੀ ਸੰਭਵ ਹੈ ਕਿ ਜਿੱਥੇ ਸੰਕਰਮਣ ਰੋਕਣ ਦੇ ਉਪਾਅ ਵਿਚ ਢਿੱਲ ਦਿੱਤੀ ਜਾਂਦੀ ਹੈ ਤਾਂ ਫਿਰ ਉੱਥੇ ਸੰਕਰਮਣ ਵਿਚ ਵਾਧਾ ਹੋ ਸਕਦਾ ਹੈ।

ਉਹਨਾਂ ਕਿਹਾ, ''ਸਾਨੂੰ ਇਸ ਤੱਥ ਤੋਂ ਵੀ ਸੁਚੇਤ ਹੋਣ ਦੀ ਜ਼ਰੂਰਤ ਹੈ ਕਿ ਬਿਮਾਰੀ ਕਿਸੇ ਵੀ ਸਮੇਂ ਆ ਸਕਦੀ ਹੈ। ਬਸ ਸਿਰਫ ਬਿਮਾਰੀ ਦੀ ਦਰ ਘੱਟ ਰਹੀ ਹੈ, ਇਸ ਦਾ ਅਰਥ ਇਹ ਨਹੀਂ ਹੈ ਕਿ ਕੇਸ ਘੱਟ ਹੋਣਗੇ। ਅਜਿਹਾ ਨਹੀਂ ਹੈ। ਸਾਨੂੰ ਦੂਜੀ ਲਹਿਰ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਰਿਆਨ ਨੇ ਚੇਤਾਵਨੀ ਦਿੱਤੀ ਕਿ ਸਧਾਰਣ ਫਲੂ ਦੇ ਮੌਸਮ ਦੌਰਾਨ ਦੂਜੀ ਲਹਿਰ ਆ ਸਕਦੀ ਹੈ।

ਉਹਨਾਂ ਕਿਹਾ ਕਿ ਯੂਰਪ ਅਤੇ ਉੱਤਰੀ ਅਮਰੀਕਾ ਨੂੰ ਜਨਤਕ ਸਿਹਤ ਅਤੇ ਸਮਾਜਿਕ ਉਪਾਅ, ਨਿਗਰਾਨੀ ਉਪਾਅ, ਟੈਸਟਿੰਗ ਉਪਾਅ ਅਤੇ ਇਕ ਵਿਆਪਕ ਰਣਨੀਤੀ ਜਾਰੀ ਰੱਖਣੀ ਚਾਹੀਦੀ ਹੈ ਤਾਂ ਜੋ ਮਾਮਲੇ ਘੱਟ ਹੋਣ। ਦੱਸ ਦਈਏ ਕਿ ਕਈ ਦਿਨਾਂ ਤੱਕ ਤਾਲਾਬੰਦੀ ਜਾਰੀ ਰੱਖਣ ਤੋਂ ਬਾਅਦ ਦੁਨੀਆ ਦੇ ਕਈ ਦੇਸ਼ਾਂ ਨੇ ਨਾਗਰਿਕਾਂ ਨੂੰ ਛੋਟ ਦਿੱਤੀ ਹੈ।