ਅਮਰੀਕਾ 'ਚ ਢਾਈ ਮਹੀਨੇ ਦੀ ਬੱਚੀ ਦੀ ਹੱਤਿਆ, ਸਰੀਰ 'ਤੇ ਮਿਲੇ ਤੋਂ ਵੱਧ ਫ੍ਰੈਕਚਰ
ਅਮਰੀਕਾ ਦੇ ਟੈਕਸਾਸ ਸੂਬੇ ਦਾ ਦਿਲ ਨੂੰ ਵਲੂੰਧਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨਵਜੰਮੀ ਬੱਚੀ ਦੀ ਮੌਤ ਦੀ ਖਬਰ ਹੈ
ਵਾਸ਼ਿੰਗਟਨ : ਅਮਰੀਕਾ ਦੇ ਟੈਕਸਾਸ ਸੂਬੇ ਦਾ ਦਿਲ ਨੂੰ ਵਲੂੰਧਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨਵਜੰਮੀ ਬੱਚੀ ਦੀ ਮੌਤ ਦੀ ਖਬਰ ਹੈ ਜਿਸ ਦੇ ਸਰੀਰ 'ਤੇ 90 ਤੋਂ ਵੱਧ ਫ੍ਰੈਕਚਰ ਪਾਏ ਗਏ ਅਤੇ ਸਿਰ ਦੇ ਸੱਟ ਦੇ ਨਿਸ਼ਾਨ ਸਨ। ਇਸ ਮਾਮਲੇ ਵਿਚ ਬੱਚੀ ਦੇ ਮਾਤਾ-ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਤੇ ਇਸਤਗਾਸਾ ਪੱਖ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ। ਸੋਮਵਾਰ ਨੂੰ ਇਸਤਗਾਸਾ ਪੱਖ ਨੇ ਕਿਹਾ ਕਿ ਜੈਜ਼ਮੀਨ ਰੋਬਿਨ ਨਾਮ (Jazmine Robin) ਦੀ ਬੱਚੀ ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲੀ (premature) ਬੱਚੀ ਸੀ ਅਤੇ ਸਿਰਫ 10 ਹਫ਼ਤੇ ਦੀ ਸੀ।
ਬੀਤੇ ਸਾਲ 15 ਜੁਲਾਈ ਨੂੰ ਹਸਪਤਾਲ ਤੋਂ ਘਰ ਲਿਜਾਣ ਦੇ 12 ਦਿਨ ਬਾਅਦ ਉਸ ਦੀ ਮੌਤ ਹੋ ਗਈ ਸੀ। ਜੈਜ਼ਮੀਨ ਦੇ ਪਿਤਾ ਜੇਸਨ ਪਾਲ ਰੋਬਿਨ (24) ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਦੀ 21 ਸਾਲਾ ਮਾਂ ਕੈਥਰੀਨ ਵਿੰਨਧਮ ਵ੍ਹਾਈਟ (Katharine Wyndham White) ਵਿਰੁਧ ਵੀ ਮਾਮਲਾ ਦਰਜ ਹੋਇਆ ਹੈ। ਹੈਰਿਸ ਕਾਊਂਟੀ ਅਟਾਰਨੀ ਜਨਰਲ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਨੇ ਬੱਚੀ ਨੂੰ ਦੁਨੀਆ ਤੋਂ ਬਚਾਉਣਾ ਸੀ ਉਨ੍ਹਾਂ ਨੇ ਹੀ ਉਸ ਨਾਲ ਅਜਿਹਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਤੱਥਾਂ ਦੀ ਪੂਰੀ ਅਤੇ ਡੂੰਘੀ ਜਾਂਚ ਦੇ ਬਾਅਦ ਹੀ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਬੱਚੀ ਲਈ ਨਿਆਂ ਮੰਗਿਆ ਜਾਵੇਗਾ।
ਹਿਊਸਟਨ ਪੁਲਿਸ ਨੇ ਆਪਣੇ ਹਲਫਨਾਮੇ ਵਿਚ ਲਿਖਿਆ ਹੈ 'ਬੀਤੇ ਸਾਲ ਜੁਲਾਈ ਵਿਚ ਜਾਸੂਸਾਂ ਨੂੰ ਹਿਊਸਟਨ ਹਸਪਤਾਲ ਵਿਚ ਬੁਲਾਇਆ ਗਿਆ ਸੀ। ਉੱਥੇ ਜਾਸੂਸਾਂ ਨੇ ਪਾਇਆ ਕਿ ਬੱਚੀ ਦੇ ਸਿਰ 'ਤੇ ਸੱਟ ਲੱਗੀ ਹੈ। ਬੱਚੀ ਦਾ ਜਦੋਂ ਪੋਸਟਮਾਰਟ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਉਸ ਦੀ ਮੌਤ ਸਿਰ 'ਤੇ ਸੱਟ ਲੱਗਣ ਕਾਰਨ ਹੋਈ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਲਗਾਂ ਦੇ ਮੁਕਾਬਲੇ ਨਵਜੰਮੇ ਬੱਚੇ ਦੇ ਪੋਸਟਮਾਰਟਮ ਵਿਚ ਜ਼ਿਆਦਾ ਸਮਾਂ ਲੱਗਦਾ ਹੈ।
ਹਲਫਨਾਮੇ ਵਿਚ ਲਿਖਿਆ ਹੈ ਕਿ ਜਾਂਚ ਕਰਤਾਵਾਂ ਨੂੰ ਪਤਾ ਚੱਲਿਆ ਕਿ ਜੈਜ਼ਮੀਨ ਦੇ ਰੋਣ ਨਾਲ ਪਿਤਾ ਜੇਸਨ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਬੱਚੀ 'ਤੇ ਹਮਲਾ ਕਰ ਦਿੱਤਾ। ਹਮਲੇ ਕਾਰਨ ਬੱਚੀ ਦੀਆਂ 71 ਪਸਲੀਆਂ ਵਿਚ ਫ੍ਰੈਕਚਰ ਆਇਆ ਅਤੇ 23 ਹੱਡੀਆਂ ਟੁੱਟ ਗਈਆਂ। ਜੇਮਸ ਅਤੇ ਵ੍ਹਾਈਟ ਨੂੰ ਮੰਗਲਵਾਰ ਨੂੰ ਹੈਰਿਸ ਕਾਊਂਟੀ ਜੇਲ ਲਿਜਾਇਆ ਗਿਆ। ਹਾਲੇ ਤੱਕ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਲਈ ਕੋਈ ਵਕੀਲ ਕੇਸ ਲੜੇਗਾ ਜਾਂ ਨਹੀਂ। ਜੇਕਰ ਉਨ੍ਹਾਂ 'ਤੇ ਲੱਗੇ ਦੋਸ਼ ਸੱਚ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਉਮਰਕੈਦ ਦੀ ਸਜ਼ਾ ਹੋਵੇਗੀ।
ਜਿੱਥੇ ਜੇਸਨ ਨੇ ਜਾਂਚ ਕਰਤਾਵਾਂ ਨੂੰ ਦੱਸਿਆ ਕਿ ਉਹ ਆਪਣੇ ਗੁੱਸੇ ਨੂੰ ਸ਼ਾਂਤ ਕਰਨ ਲਈ ਮਨੋਵਿਗਿਆਨ (psychology) ਦੀਆਂ ਕਿਤਾਬਾਂ ਪੜ੍ਹਦਾ ਸੀ ਅਤੇ ਉਸ ਨੂੰ ਜੈਜ਼ਮੀਨ ਨੂੰ ਮਾਰਨਾ ਚੰਗਾ ਲੱਗਾ। ਉੱਥੇ ਮਾਂ ਵ੍ਹਾਈਟ ਨੇ ਬੱਚੀ ਦੇ ਸਿਰ 'ਤੇ ਸੱਟ ਲਈ ਹਸਪਤਾਲ ਪ੍ਰਸ਼ਾਸਨ 'ਤੇ ਦੋਸ਼ ਲਗਾਇਆ। ਇਸ ਦੇ ਇਲਾਵਾ ਵ੍ਹਾਈਟ ਨੇ ਘਰ ਵਿਚ ਰਹਿਣ ਵਾਲੀ ਇਕ ਹੋਰ ਮਹਿਲਾ ਨੂੰ ਜੈਜ਼ਮੀਨ ਦੇ ਸਿਰ 'ਤੇ ਸੱਟ ਲਈ ਜ਼ਿੰਮੇਵਾਰ ਦੱਸਿਆ।