ਨਿੱਕੀ ਹੈਲੀ ਨੇ ਕੇਰਲਾ ਹੜ੍ਹ ਪੀੜਤਾਂ ਪ੍ਰਤੀ ਇਕਜੁਟਤਾ ਜ਼ਾਹਰ ਕੀਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਕੇਰਲਾ ਵਿਚ ਆਏ ਹੜ੍ਹ ਤੋਂ ਪ੍ਰਭਾਵਤ ਲੋਕਾਂ ਪ੍ਰਤੀ ਇਕਜੁਟਤਾ ਜ਼ਾਹਰ ਕੀਤੀ...........

Nikki Haley

ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਕੇਰਲਾ ਵਿਚ ਆਏ ਹੜ੍ਹ ਤੋਂ ਪ੍ਰਭਾਵਤ ਲੋਕਾਂ ਪ੍ਰਤੀ ਇਕਜੁਟਤਾ ਜ਼ਾਹਰ ਕੀਤੀ। ਕੇਰਲਾ ਵਿਚ ਕਰੀਬ 100 ਸਾਲ ਦੇ ਸੱਭ ਤੋਂ ਭਿਆਨਕ ਹੜ੍ਹ ਵਿਚ 300 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ 10 ਲੱਖ ਬੇਘਰ ਹੋਏ ਹਨ। ਸੰਯੁਕਤ ਰਾਸ਼ਟਰ ਵਿਚ ਅਮਰੀਕੀ ਮਿਸ਼ਨ ਵਲੋਂ ਟਵਿੱਟਰ 'ਤੇ ਦਿਤੇ ਇਕ ਸੰਦੇਸ਼ ਵਿਚ ਨਿੱਕੀ ਹੈਲੀ ਨੇ ਕਿਹਾ, ''ਸਾਡੀ ਹਮਦਰਦੀ ਕੇਰਲਾ ਵਿਚ ਸਾਡੇ ਭਰਾਵਾਂ ਅਤੇ ਭੈਣਾਂ ਪ੍ਰਤੀ ਹੈ, ਜੋ ਕਿ ਕਰੀਬ 100 ਸਾਲਾਂ ਵਿਚ ਸੱਭ ਤੋਂ ਖ਼ਰਾਬ ਮਾਨਸੂਨ ਅਤੇ ਹੜ੍ਹ ਤੋਂ ਪ੍ਰਭਾਵਤ ਹੋਏ ਹਨ।

ਅਸੀਂ ਉਨ੍ਹਾਂ ਲੋਕਾਂ ਅਤੇ ਸਾਰੇ ਪਰਵਾਰਾਂ ਲਈ ਖ਼ਾਸ ਪ੍ਰਾਰਥਨਾ ਕਰਦੇ ਹਾਂ, ਜਿਨ੍ਹਾਂ ਨੇ ਅਪਣੇ ਪਰਵਾਰਾਂ ਨੂੰ ਗਵਾਇਆ।'' ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਉ ਗੁਤਾਰੇਸ ਦੇ ਬੁਲਾਰੇ ਨੇ ਬੀਤੇ ਹਫ਼ਤੇ ਕਿਹਾ ਸੀ ਕਿ ਸੰਯੁਕਤ ਰਾਸ਼ਟਰ ਕੇਰਲਾ ਵਿਚ ਆਏ ਭਿਆਨਕ ਹੜ੍ਹ ਵਿਚ ਮਾਰੇ ਗਏ ਲੋਕਾਂ ਅਤੇ ਉਸ ਤੋਂ ਹੋਏ ਨੁਕਸਾਨ ਤੋਂ ਦੁਖੀ ਹਨ। ਸੰਯੁਕਤ ਰਾਸ਼ਟਰ ਸਥਿਤੀ 'ਤੇ ਨੇੜੇ ਤੋਂ ਨਜ਼ਰ ਰੱਖ ਰਿਹਾ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਭਾਰਤ ਵਿਚ ਹੜ੍ਹ ਕਾਰਨ ਬਹੁਤ ਸਾਰੇ ਲੋਕਾਂ ਦੇ ਮਾਰੇ ਜਾਣ, ਵਿਨਾਸ਼ ਅਤੇ ਬੇਘਰ ਹੋਣ ਕਾਰਨ ਦੁਖੀ ਹਨ।  (ਪੀ.ਟੀ.ਆਈ)