ਦਿੱਲੀ ਪੁਲਿਸ ਵੱਲੋਂ ਅਤਿਵਾਦੀ ਦੱਸੇ ਜਾਣ ਵਾਲੇ ਨੌਜਵਾਨ ਪਾਕਿ ਵਿਦਿਆਰਥੀ : ਪਾਕਿਸਤਾਨ ਮੀਡੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਦਰਸੇ ਦੇ ਮੁਖੀ ਨੇ ਕਿਹਾ ਕਿ ਤਇੱਬ ਅਤੇ ਨਦੀਮ ਜਾਮਿਆ ਫੈਸਲਾਬਾਦ ਵਿਖੇ ਤਲੀਮਤ-ਏ-ਇਸਲਾਮੀਆ ਦੇ ਵਿਦਿਆਰਥੀ ਹਨ ਅਤੇ ਕਦੇ ਭਾਰਤ ਨਹੀਂ ਗਏ।

Tayyab and Nadeem

ਨਵੀਂ ਦਿੱਲੀ , ( ਭਾਸ਼ਾ ) : ਦਿੱਲੀ ਪੁਲਿਸ ਵੱਲੋਂ ਜਿਨ੍ਹਾਂ ਦੋ ਨੋਜਵਾਨਾਂ ਦੀ ਤਸਵੀਰ ਜਾਰੀ ਕਰ ਕੇ ਉਨ੍ਹਾਂ ਨੂੰ ਸ਼ੱਕੀ ਅਤਿਵਾਦੀ ਦੱਸਿਆ ਗਿਆ ਸੀ, ਪਾਕਿਸਤਾਨ ਮੀਡੀਆ ਨੇ ਉਨ੍ਹਾਂ ਨੂੰ ਪਾਕਿਸਤਾਨੀ ਵਿਦਿਆਰਥੀ ਦੱਸਿਆ ਹੈ। ਦਿੱਲੀ ਪੁਲਿਸ ਨੇ ਇਨ੍ਹਾਂ ਦੋਨਾਂ ਦੇ ਦੇਸ਼ ਦੀ ਰਾਜਧਾਨੀ ਵਿਚ ਦਾਖਲ ਹੋਣ ਦਾ ਖ਼ਤਰਾ ਦੱਸਿਆ ਸੀ। ਪਾਕਿਸਤਾਨ ਮੀਡੀਆ ਦਾ ਕਹਿਣਾ ਹੈ ਕਿ ਦਿੱਲੀ ਪੁਲਿਸ ਨੇ ਅਪਣੀ ਐਡਵਾਇਜ਼ਰੀ ਵਿਚ ਜਿਨ੍ਹਾਂ ਦੋ ਨੌਜਵਾਨਾਂ ਨੂੰ ਅਤਿਵਾਦੀ ਦਸਿਆ ਹੈ ਉਹ ਪਾਕਿਸਤਾਨੀ ਵਿਦਿਆਰਥੀ ਹਨ। ਰੀਪੋਰਟ ਮੁਤਾਬਕ ਪਾਕਿਸਤਾਨ ਨੇ ਇਹ ਪੁਸ਼ਟੀ ਕੀਤੀ ਹੈ

ਕਿ ਤਸਵੀਰ ਵਿਚ ਦਿਖਾਈ ਦੇ ਰਹੇ ਇਹ ਦੋਵੇਂ ਵਿਦਿਆਰਥੀ ਤਇੱਬ ਅਤੇ ਨਦੀਮ ਹਨ। ਰਿਸਰਚ ਐਂਡ ਐਨਾਲਿਸਿਸ ਵਿੰਗ ਅਤੇ ਪੁਲਿਸ ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ ਪਾਕਿਸਤਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਇਹ ਦੋਨੋਂ ਫੈਸਲਾਬਾਦ ਦੇ ਵਿਦਿਆਰਥੀ ਹਨ। ਇਸ ਤੋਂ ਬਾਅਦ ਇਨ੍ਹਾਂ ਦੋਹਾਂ ਵਿਦਿਆਰਥੀਆਂ ਨੇ ਫੈਸਲਾਬਾਦ ਵਿਚ ਪ੍ਰੈਸ ਕਾਨਫਰੰਸ ਕੀਤੀ। ਜਿਸ ਦੌਰਾਨ ਇਨ੍ਹਾਂ ਨੇ ਅਪਣੇ ਅਤਿਵਾਦੀ ਹੋਣ ਦੇ ਦਾਅਵੇ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਅਸੀਂ ਪਾਕਿਸਤਾਨ ਵਿਚ ਮੌਜੂਦ ਹਾਂ ਅਤੇ ਕਦੇ ਭਾਰਤ ਨਹੀਂ ਗਏ।

ਉਨ੍ਹਾਂ ਕਿਹਾ ਕਿ 11 ਨਵਬੰਰ ਨੂੰ ਰਾਏਵਿੰਡ ਇਜ਼ਤਮਾ ਦੌਰਾਨ ਲਾਹੌਰ ਗਏ ਸੀ ਅਤੇ ਉਸ ਵੇਲੇ ਇਹ ਤਸਵੀਰ ਲਈ ਗਈ ਸੀ, ਉਸ ਵੇਲੇ ਉਹ ਗੰਡਾ ਸਿੰਘ ਬਾਰਡਰ 'ਤੇ ਸਨ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਜਾਣਦੇ ਕਿ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਿਸ ਨੇ ਸਾਂਝੀਆਂ ਕੀਤੀਆਂ। ਮਦਰਸੇ ਦੇ ਮੁਖੀ ਨੇ ਕਿਹਾ ਕਿ ਤਇੱਬ ਅਤੇ ਨਦੀਮ ਜਾਮਿਆ ਫੈਸਲਾਬਾਦ ਵਿਖੇ ਤਲੀਮਤ-ਏ-ਇਸਲਾਮੀਆ ਦੇ ਵਿਦਿਆਰਥੀ ਹਨ

ਅਤੇ ਕਦੇ ਭਾਰਤ ਨਹੀਂ ਗਏ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਕਿਸੇ ਰਾਜਨੀਤਕ ਦਲ ਜਾਂ ਧਾਰਮਿਕ ਦਲ ਨਾਲ ਜੁੜੇ ਹੋਏ ਨਹੀਂ ਹਨ। ਦੱਸ ਦਈਏ ਕਿ ਦਿੱਲੀ ਪੁਲਿਸ ਨੇ ਦੋਹਾਂ ਦੀ ਤਸਵੀਰ ਜਾਰੀ ਕੀਤੀ ਸੀ ਜਿਸ ਵਿਚ ਦੋਹਾਂ ਨੌਜਵਾਨਾਂ ਨੇ ਕੁਰਤਾ ਪਜ਼ਾਮਾ ਪਾਇਆ ਅਤੇ ਸਿਰ ਤੇ ਟੋਪੀ ਪਾਈ ਹੋਈ ਸੀ। ਤਸਵੀਰ ਵਿਚ ਦੋਨੋਂ ਨੌਜਵਾਨ ਇਕ ਮਾਈਲਸਟੋਨ ਦੇ ਪੱਧਰ ਨਾਲ ਖੜੇ ਹਨ ਜਿਸ ਵਿਚ ਊਰਦੂ ਵਿਚ ਲਿਖਿਆ ਹੈ ਦਿੱਲੀ 360 ਕਿਲੋਮੀਟਰ ਅਤੇ ਫਿਰੋਜ਼ਪੁਰ 9 ਕਿਲੋਮੀਟਰ।