ਇਹ ਇਤਿਹਾਸਿਕ ਕਦਮ ਭਾਰਤ ਤੇ ਪਾਕਿਸਤਾਨ ਦਰਮਿਆਨ ਅਮਨ ਦੇ ਪੁੱਲ ਦਾ ਕੰਮ ਕਰੇਗਾ: ਰਾਣਾ ਸੋਢੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਕੌਰੀਡੋਰ ਦਾ ਨੀਂਹ ਪੱਥਰ ਰੱਖਿਆ ਜਾਣਾ ਪੰਜਾਬ ਦੇ ਲੋਕਾਂ ਲਈ ਇੱਕ ਵੱਡਮੁੱਲਾ ਤੋਹਫਾ ਹੈ ਅਤੇ ਇਸ ਇਤਿਹਾਸਿਕ...

Rana Sodhi

ਚੰਡੀਗੜ੍ਹ (ਸ.ਸ.ਸ) : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਕੌਰੀਡੋਰ ਦਾ ਨੀਂਹ ਪੱਥਰ ਰੱਖਿਆ ਜਾਣਾ ਪੰਜਾਬ ਦੇ ਲੋਕਾਂ ਲਈ ਇੱਕ ਵੱਡਮੁੱਲਾ ਤੋਹਫਾ ਹੈ ਅਤੇ ਇਸ ਇਤਿਹਾਸਿਕ ਕਦਮ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੱਡੀ ਮੰਗ ਪੂਰੀ ਹੋਈ ਹੈ ਅਤੇ ਮੁੱਖ ਮੰਤਰੀ ਵੱਲੋਂ ਇਸ ਸੰਦਰਭ ਵਿੱਚ ਕੀਤੇ ਯਤਨਾਂ ਨੂੰ ਬੂਰ ਪਿਆ ਹੈ। ਇਸ ਦਾ ਪ੍ਰਗਟਾਵਾ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਅੱਜ ਇੱਥੇ ਜਾਰੀ ਪ੍ਰੈੱਸ ਬਿਆਨ ਵਿੱਚ ਕੀਤਾ ਗਿਆ।

ਰਾਣਾ ਸੋਢੀ ਨੇ ਅੱਗੇ ਕਿਹਾ ਕਿ ਇਸ ਇਤਿਹਾਸਿਕ ਅਤੇ ਮਾਨਵਤਾਵਾਦੀ ਕਦਮ ਲਈ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖਾਨ ਵਧਾਈ ਦੇ ਪਾਤਰ ਹਨ। ਕੌਰੀਡੋਰ ਦਾ ਨੀਂਹ ਪੱਥਰ ਰੱਖਣ ਦੀ ਰਸਮ ਨੂੰ ਇਤਿਹਾਸਿਕ ਪਲ ਕਰਾਰ ਦਿੰਦਿਆਂ ਰਾਣਾ ਸੋਢੀ ਨੇ ਕਿਹਾ ਕਿ ਇਹ ਉਹ ਪਲ ਹੈ ਜਿਸ ਦਾ ਵਿਸ਼ਵ ਭਰ ਦਾ ਪੰਜਾਬੀ ਅਤੇ ਸਿੱਖ ਭਾਈਚਾਰਾ ਲੰਮੇ ਅਰਸੇ ਤੋਂ ਉਡੀਕ ਕਰ ਰਿਹਾ ਸੀ ਅਤੇ ਇਸ ਦਾ ਸੱਚ ਹੋਣਾ ਦੋਹਾਂ ਲਈ ਵਧੇਰੇ ਖੁਸ਼ੀ ਦਾ ਪਲ ਹੈ ਕਿਉਂਕਿ ਇਸ ਦੀ ਵਧੇਰੀ ਧਾਰਮਿਕ ਅਤੇ ਅਧਿਆਤਮਕ ਮਹੱਤਤਾ ਹੈ।

ਇਤਿਹਾਸਿਕ ਤੱਥ ਦਾ ਹਵਾਲਾ ਦਿੰਦਿਆਂ, ਰਾਣਾ ਸੋਢੀ ਨੇ ਕਿਹਾ ਕਿ ਇਹ ਇਤਫਾਕ ਦੀ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਮਹਾਰਾਜਾ ਪਟਿਆਲਾ ਸ੍ਰੀ ਭੁਪਿੰਦਰ ਸਿੰਘ ਨੇ ਦੇਸ਼ ਦੀ ਵੰਡ ਤੋਂ ਪਹਿਲਾਂ ਰਾਵੀ ਦਰਿਆ ਵਿੱਚ ਆਏ ਹੜ੍ਹਾਂ ਕਾਰਣ  ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਹੋਏ ਨੁਕਸਾਨ ਦੀ ਮੁਰੰਮਤ ਕਰਵਾਈ ਸੀ।