ਨਨਕਾਣਾ ਸਾਹਿਬ ਵਿਚ ਜਿਵੇਂ ਜੰਨਤ ਧਰਤੀ 'ਤੇ ਉਤਰ ਆਈ...
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਜਿੱਥੇ ਵਿਸ਼ਵ ਭਰ ਵਿਚ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ..........
ਲਾਹੌਰ : ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਜਿੱਥੇ ਵਿਸ਼ਵ ਭਰ ਵਿਚ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਉਥੇ ਹੀ ਇਸ ਮੌਕੇ ਉਨ੍ਹਾਂ ਦੇ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਵੀ ਲੱਖਾਂ ਦੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਲਵਾਈ ਅਤੇ ਸੰਗਤਾਂ ਅਜੇ ਵੀ ਪਹੁੰਚ ਰਹੀਆਂ ਹਨ। ਸ੍ਰੀ ਨਨਕਾਣਾ ਸਾਹਿਬ ਵਿਖੇ ਪਾਕਿਸਤਾਨ ਸਰਕਾਰ ਵਲੋਂ ਕੀਤੇ ਗਏ ਪ੍ਰਬੰਧਾਂ ਦੀ ਵਿਸ਼ਵ ਭਰ ਦੇ ਸਮੂਹ ਸਿੱਖਾਂ ਵਲੋਂ ਸ਼ਲਾਘਾ ਕੀਤੀ ਗਈ। ਇਸ ਮੌਕੇ ਜਿਥੇ ਗੁਰਦੁਆਰਾ ਸਾਹਿਬ ਦੀ ਵਿਸ਼ੇਸ਼ ਤੌਰ 'ਤੇ ਸਜਾਵਟ ਕੀਤੀ ਗਈ ਸੀ, ਉਥੇ ਹੀ ਸਮੂਹ ਸੰਗਤਾਂ ਦੀ ਸੁਰੱਖਿਆ ਦੇ ਵੀ ਚੰਗੇ ਪ੍ਰਬੰਧ ਕੀਤੇ ਹੋਏ ਸਨ।
ਬਾਬਾ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਗਤਾਂ ਵਲੋਂ ਭਾਰੀ ਉਤਸ਼ਾਹ ਨਾਲ ਨਗਰ ਕੀਰਤਨ ਸਜਾਇਆ ਗਿਆ। ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਲਈ ਵੀ ਵਧੀਆ ਪ੍ਰਬੰਧ ਕੀਤੇ ਹੋਏ ਸਨ। ਭਾਵੇਂ ਕਿ ਪਾਕਿਸਤਾਨ ਇਕ ਮੁਸਲਿਮ ਦੇਸ਼ ਹੈ ਪਰ ਅਪਣੇ ਕਿਸੇ ਵੀ ਧਾਰਮਕ ਤਿਉਹਾਰ ਮੌਕੇ ਉਥੇ ਸਿੱਖਾਂ ਨੂੰ ਕਦੇ ਬੇਗ਼ਾਨਗੀ ਦਾ ਅਹਿਸਾਸ ਨਹੀਂ ਹੁੰਦਾ।
ਜਿਥੇ ਸਥਾਨਕ ਸਿੱਖਾਂ ਵਲੋਂ ਬਾਹਰੋਂ ਆਈਆਂ ਸੰਗਤਾਂ ਦਾ ਸਵਾਗਤ ਕੀਤਾ ਗਿਆ, ਉਥੇ ਹੀ ਮੁਸਲਿਮ ਭਾਈਚਾਰੇ ਦੇ ਲੋਕ ਵੀ ਸਿੱਖ ਸ਼ਰਧਾਲੂਆਂ ਦੀ ਆਉ-ਭਗਤ ਕਰਦੇ ਨਜ਼ਰ ਆਏ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੀ ਸਜਾਵਟ ਨੂੰ ਦੇਖ ਇੰਝ ਪ੍ਰਤੀਤ ਹੁੰਦਾ ਸੀ ਜਿਵੇਂ ਜੰਨਤ ਹੀ ਧਰਤੀ 'ਤੇ ਉਤਰ ਆਈ ਹੋਵੇ। ਗੁਰਪੁਰਬ ਮੌਕੇ ਇਸ ਪਵਿੱਤਰ ਧਰਤੀ 'ਤੇ ਹਰ ਪਾਸੇ ਮਾਹੌਲ ਬਾਬੇ ਨਾਨਕ ਦੇ ਰੰਗ ਵਿਚ ਰੰਗਿਆ ਹੋਇਆ ਜਾਪ ਰਿਹਾ ਸੀ।
ਸਮੂਹ ਸੰਗਤ ਲਈ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਨਨਕਾਣਾ ਸਾਹਿਬ ਵਿਚ ਕਈ ਥਾਵਾਂ 'ਤੇ ਸਿੱਖ ਇਤਿਹਾਸ ਨਾਲ ਸਬੰਧਤ ਕਿਤਾਬਾਂ ਦੇ ਸਟਾਲ ਲੱਗੇ ਹੋਏ ਨਜ਼ਰ ਆਏ। ਇਹੀ ਨਹੀਂ ਸਿੱਖ ਸੰਗਤ ਨੇ ਧਾਰਮਕ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਕਿਤਾਬਾਂ ਲੈਣ ਵਿਚ ਕਾਫ਼ੀ ਦਿਲਚਸਪੀ ਵੀ ਦਿਖਾਈ। ਇਸ ਮੌਕੇ ਸਜਾਏ ਵਿਸ਼ਾਲ ਨਗਰ ਕੀਰਤਨ ਵਿਚ ਬੱਚਿਆਂ ਅਤੇ ਨੌਜਵਾਨਾਂ ਵਲੋਂ ਗਤਕੇ ਦੇ ਕਰਤੱਬ ਵਿਖਾਏ ਗਏ।
ਸਿੱਖ ਸ਼ਰਧਾਲੂਆਂ ਦੇ ਉਤਸ਼ਾਹ ਵਿਚ ਉਸ ਵੇਲੇ ਹੋਰ ਵਾਧਾ ਹੋ ਗਿਆ ਜਦੋਂ ਪਾਕਿਸਤਾਨ ਦੀ ਸਰਕਾਰ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਦਾ ਐਲਾਨ ਕਰ ਦਿਤਾ ਅਤੇ ਉਸ ਦਾ ਨੀਂਹ ਪੱਥਰ ਰਖਣ ਦੀ ਤਰੀਕ (28 ਨਵੰਬਰ) ਵੀ ਤੈਅ ਕਰ ਦਿਤੀ। ਦਰਅਸਲ ਗੁਰੂ ਨਾਨਕ ਦੇਵ ਜੀ ਇਕੱਲੇ ਸਿੱਖਾਂ ਦੇ ਹੀ ਨਹੀਂ ਬਲਕਿ ਕੁਲ ਲੋਕਾਈ ਦੇ ਮਾਰਗ ਦਰਸ਼ਕ ਹਨ। ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ 'ਚ ਸ਼ਾਮਲ ਹੋਣ ਲਈ ਭਾਰਤ ਤੋਂ 3080 ਸ਼ਰਧਾਲੂ ਪਹੁੰਚੇ। ਇਸ ਤੋਂ ਇਲਾਵਾ ਵਿਸ਼ਵ ਦੇ ਹੋਰਨਾਂ ਦੇਸ਼ਾਂ ਤੋਂ ਵੀ ਵੱਡੀ ਗਿਣਤੀ ਵਿਚ ਸੰਗਤ ਬਾਬੇ ਨਾਨਕ ਨੂੰ ਨਤਮਸਤਕ ਹੋਣ ਲਈ ਪੁੱਜੀ।