ਗ਼ੈਰ ਕਾਨੂੰਨੀ ਬਸ਼ਿੰਦਿਆਂ ਲਈ ਆਈ ਨਵੀਂ ਖ਼ਬਰ!

ਏਜੰਸੀ

ਖ਼ਬਰਾਂ, ਕੌਮਾਂਤਰੀ

ਬੰਗਲਾਦੇਸ਼ ਵੀ ਗ਼ੈਰ ਕਾਨੂੰਨੀ ਭਾਰਤੀ ਬਸ਼ਿੰਦਿਆਂ ਨੂੰ ਭੇਜੇਗਾ ਵਾਪਸ

file photo

ਢਾਕਾ : ਦੇਸ਼ ਅੰਦਰ ਨਾਗਰਿਕਤਾ ਸੋਧ ਕਾਨੂੰਨ ਤੇ ਐਨ.ਆਰ.ਸੀ. ਨੂੰ ਲੈ ਕੇ ਰੋਸ ਪ੍ਰਦਰਸ਼ਨਾਂ ਦਾ ਦੌਰ ਚੱਲ ਰਿਹਾ ਹੈ। ਇਸੇ ਦੌਰਾਨ ਗੁਆਢੀ ਮੁਲਕ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ.ਕੇ. ਅਬਦੁੱਲ ਮੋਮੇਨ ਬਿਆਨ ਸਾਹਮਣੇ ਆਇਆ ਹੈ। ਅਪਣੇ ਬਿਆਨ 'ਚ ਉਨ੍ਹਾਂ ਕਿਹਾ ਕਿ ਬੀਤੇ ਹਫ਼ਤਿਆਂ ਦੌਰਾਨ ਜਿਹੜੇ ਵੀ ਭਾਰਤੀ ਗ਼ੈਰ ਕਾਨੂੰਨੀ ਤਰੀਕਿਆਂ ਨਾਲ ਬੰਗਲਾਦੇਸ਼ ਅੰਦਰ ਦਾਖ਼ਲ ਹੋਏ ਹਨ, ਉਨ੍ਹਾਂ ਨੂੰ ਵਾਪਸ ਭੇਜਿਆ ਜਾਵੇਗਾ। ਬੰਗਲਾਦੇਸ਼ ਸਰਕਾਰ ਇਨ੍ਹਾਂ ਲੋਕਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਵਾਏਗੀ। ਜਾਂਚ ਉਪਰੰਤ ਜੇਕਰ ਕੋਈ ਗ਼ੈਰ ਬੰਗਲਾਦੇਸ਼ੀ ਪਾਇਆ ਗਿਆ ਤਾਂ ਉਸ ਨੂੰ ਵਾਪਸ ਭਾਰਤ ਭੇਜਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਉਹ ਭਾਰਤ ਵਿਚ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਬੰਗਲਾਦੇਸ਼ੀ ਲੋਕਾਂ ਨੂੰ ਜਾਂਚ ਤੋਂ ਬਾਅਦ ਵਾਪਸ ਬੁਲਾਉਣ ਲਈ ਤਿਆਰ ਹਨ। ਉਨ੍ਹਾਂ ਦਸਿਆ ਕਿ ਇਸ ਬਾਰੇ ਗੁਆਢੀ ਮੁਲਕ ਦੇ ਵਿਦੇਸ਼ ਮੰਤਰਾਲੇ ਨੂੰ ਜਾਣਕਾਰੀ ਦੇ ਦਿਤੀ ਗਈ ਹੈ।

ਬੰਗਲਾਦੇਸ਼ ਬਾਰਡਰ ਪੁਲਿਸ ਅਨੁਸਾਰ ਭਾਰਤ ਵਿਚ ਐਨ.ਆਰ.ਸੀ. ਅਤੇ ਨਾਗਰਿਕਤਾ ਸੋਧ ਕਾਨੂੰਨ ਵਿਰੁਧ ਹੋ ਰਹੇ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਸਰਹੱਦ ਪਾਰ ਕਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ।  ਇਸੇ ਦੌਰਾਨ ਪੁਲਿਸ ਨੇ 300 ਦੇ ਕਰੀਬ ਅਜਿਹੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਭਾਰਤ ਤੋਂ ਬੰਗਲਾਦੇਸ਼ ਜਾਣ ਦੀ ਕੋਸ਼ਿਸ਼ ਕਰ ਰਹੇ ਸਨ।

ਮੋਮਨ ਦਾ ਕਹਿਣਾ ਸੀ ਕਿ ਐਨ.ਆਰ.ਸੀ. ਭਾਰਤ ਦਾ ਅੰਦਰੂਨੀ ਮਾਮਲਾ ਹੈ। ਇਸ ਕਾਰਨ ਇਸ ਦਾ ਬੰਗਲਾਦੇਸ਼ 'ਤੇ ਕੋਈ ਅਸਰ ਨਹੀਂ ਪਵੇਗਾ। ਕਾਬਲੇਗੌਰ ਹੈ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਲੋਂ ਇਹ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਨਿਊਯਾਰਕ ਵਿਖੇ ਦੋ ਪੱਖੀ ਮੁਲਾਕਾਤ ਦੌਰਾਨ ਵੀ ਚੁਕਿਆ ਗਿਆ ਸੀ।