ਹੈਮਿਲਟਨ 'ਚ 'ਸਿੱਖ ਦਸਤਾਰ ਦਿਵਸ' ਮਨਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਗਾਰਡਨ ਪੈਲਸ ਵਿਕਟੋਰੀਆ ਸਟ੍ਰੀਟ ਉਤੇ ਪਹਿਲੀ ਵਾਰ ਗੁਰਦਵਾਰਾ ਮਾਤਾ ਸਾਹਿਬ ਕੌਰ ਮੈਨੇਜਮੈਂਟ, ਖ਼ਾਲਸਾ ਫ਼ਾਊਂਡੇਸ਼ਨ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਅੱਜ ਦੁਪਹਿਰ ...

David Bannet Wearing Turban and Others

ਗਾਰਡਨ ਪੈਲਸ ਵਿਕਟੋਰੀਆ ਸਟ੍ਰੀਟ ਉਤੇ ਪਹਿਲੀ ਵਾਰ ਗੁਰਦਵਾਰਾ ਮਾਤਾ ਸਾਹਿਬ ਕੌਰ ਮੈਨੇਜਮੈਂਟ, ਖ਼ਾਲਸਾ ਫ਼ਾਊਂਡੇਸ਼ਨ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਅੱਜ ਦੁਪਹਿਰ 2 ਤੋਂ 4 ਵਜੇ ਤਕ 'ਸਿੱਖ ਦਸਤਾਰ ਦਿਵਸ' ਮਨਾਇਆ ਗਿਆ।ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮਕਸਦ ਦਸਤਾਰ ਦੀ ਪਛਾਣ ਕਰਵਾ ਕੇ ਸਿੱਖ ਧਰਮ ਵਿਚ ਇਸ ਦੀ ਮਹਾਨਤਾ ਅਤੇ ਮਹੱਤਤਾ ਨੂੰ ਦਰਸਾਉਣਾ ਸੀ।

ਭਾਵੇਂ ਹੈਮਿਲਟਨ ਵਿਖੇ ਸਿੱਖਾਂ ਨੂੰ ਰਹਿੰਦਿਆਂ 100 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਇਸੇ ਸ਼ਹਿਰ ਨੂੰ ਦੇਸ਼ ਦਾ ਪਹਿਲਾ ਗੁਰਦਵਾਰਾ ਸਥਾਪਤ ਕਰਨ ਦਾ ਮਾਨ ਹਾਸਲ ਹੈ, ਦੇ ਬਾਵਜੂਦ ਲਗਾਤਾਰ ਹੋ ਰਹੇ ਪ੍ਰਵਾਸ ਅਤੇ ਨਵੀਂ ਪੀੜ੍ਹੀ ਦੀ ਜਾਣਕਾਰੀ ਲਈ ਦਸਤਾਰ ਦੀ ਪਛਾਣ ਨੂੰ ਬਣਾਈ ਰੱਖਣਾ ਕਈ ਵਾਰ ਚੁਣੌਤੀ ਬਣ ਜਾਂਦਾ ਹੈ।

ਇਸ ਮੌਕੇ ਦੋ ਦਰਜਨ ਦੇ ਕਰੀਬ ਸਿੱਖ ਨੌਜਵਾਨਾਂ ਨੇ ਸਥਾਨਕ ਲੋਕਾਂ ਅਤੇ ਭਾਰਤੀ ਲੋਕਾਂ ਦੇ ਸਿਰਾਂ ਉਤੇ ਦਸਤਾਰਾਂ ਸਜਾ ਕੇ ਇਕ ਵਧੀਆ ਸੰਦੇਸ਼ ਦੇਣ ਦਾ ਉਦਮ ਕੀਤਾ। ਦਸਤਾਰਾਂ ਸਜਾਉਣ ਵਾਲਿਆਂ ਵਿਚ ਕੁੜੀਆਂ ਵੀ ਪਿੱਛੇ ਨਹੀਂ ਸਨ। ਇਸ ਦਸਤਾਰ ਦਿਵਸ ਮੌਕੇ ਸਥਾਨਕ ਸਾਂਸਦ ਡੇਵਿਡ ਬੈਨੇਟ ਨੇ ਵੀ ਦਸਤਾਰ ਬੰਨ੍ਹ ਕੇ ਸਿੱਖ ਭਾਈਚਾਰੇ ਦੀ ਵਖਰੀ ਪਛਾਣ ਉਤੇ ਮੋਹਰ ਲਗਾਈ। ਕੰਵਲਜੀਤ ਸਿੰਘ ਬਖਸ਼ੀ ਵੀ ਆਕਲੈਂਡ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ।

ਗੁਰਦੁਆਰਾ ਮਾਤਾ ਸਾਹਿਬ ਪੰਜਾਬੀ ਸਕੂਲ ਦੇ ਬੱਚਿਆਂ ਨੇ ਸਿੱਖ ਮਾਰਸ਼ਲ ਆਰਟ (ਗਤਕੇ) ਦੇ ਜੌਹਰ ਵੀ ਵਿਖਾਏ। ਸਿੱਖ ਧਰਮ ਦੀ ਜਾਣਕਾਰੀ ਦਿੰਦੇ ਪਰਚੇ ਵੀ ਵੰਡੇ ਗਏ। ਸੰਗਤ ਦੇ ਲਈ ਰੀਫ੍ਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਗੁਰਦਵਾਰਾ ਮੈਨੇਜਮੈਂਟ ਅਤੇ ਖ਼ਾਲਸਾ ਫ਼ਾਊਂਡੇਸ਼ਨ ਵਲੋਂ ਆਈਆਂ ਸਾਰੀਆਂ ਸੰਗਤਾਂ ਦਾ ਧਨਵਾਦ ਕੀਤਾ ਗਿਆ।