ਅਤਿਵਾਦ ਵਿਰੁਧ ਅਮਰੀਕਾ ਨਾਲ ਕੀਤੇ ਇਮਰਾਨ ਦੇ ਵਾਅਦੇ ਪੂਰੇ ਕਰਨ ਦਾ ਸਮਾਂ : ਵਿਦੇਸ਼ ਮੰਤਰਾਲਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਵਿਦੇਸ਼ ਵਿਭਾਗ ਅਧਿਕਾਰੀ ਨੇ ਕਿਹਾ ਕਿ ਅਫ਼ਗਾਨ ਸ਼ਾਂਤੀ ਵਾਰਤਾ ਅਤੇ ਅਤਿਵਾਦ ਵਿਰੁਧ ਜੰਗ 'ਚ ਖ਼ਾਨ ਵਲੋਂ ਪ੍ਰਗਟ ਕੀਤੀ ਗਈ ਵਚਨਬੱਧਤਾ ਨੂੰ ਪੂਰੇ ਕਰਨ ਦੀ ਲੋੜ ਹੈ। 

Morgan Ortagus

ਵਾਸ਼ਿੰਗਟਨ : ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵਿਚਕਾਰ ਹਾਲ ਹੀ ਦੀ ਇਕ ਮੀਟਿੰਗ ਤੋਂ ਬਾਅਦ, ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਫ਼ਗਾਨ ਸ਼ਾਂਤੀ ਵਾਰਤਾ ਅਤੇ ਅਤਿਵਾਦ ਵਿਰੁਧ ਜੰਗ 'ਚ ਖ਼ਾਨ ਵਲੋਂ ਪ੍ਰਗਟ ਕੀਤੀ ਗਈ ਵਚਨਬੱਧਤਾ ਨੂੰ ਪੂਰੇ ਕਰਨ ਦੀ ਲੋੜ ਹੈ।  ਭਾਰਤ ਅਤੇ ਅਫ਼ਗਾਨਿਸਤਾਨ, ਪਾਕਿਸਤਾਨ 'ਤੇ ਅਫ਼ਗਾਨ ਤਾਲਿਬਾਨ, ਹੱਕਾਨੀ ਨੈੱਟਵਰਕ, ਜੈਸ਼ ਏ ਮੁਹੰਮਦ, ਲਸ਼ਕਰ-ਏ-ਤੋਇਬਾ ਅਤੇ ਹੋਰ ਅਤਿਵਾਦੀ ਸਮੂਹਾਂ ਨੂੰ ਸੁਰੱਖਿਅਤ ਪਨਾਗਾਹ ਦੇਣ ਦਾ ਦੋਸ਼ ਲਾਉਂਦੇ ਰਹੇ ਹਨ। ਇਹ ਅਤਿਵਾਦੀ ਸਮੂਹ ਭਾਰਤ ਅਤੇ ਅਫ਼ਗਾਨਿਸਤਾਨ ਵਿਚ ਅਤਿਵਾਦੀ ਹਮਲਿਆਂ ਨੂੰ ਅੰਜਾਮ ਦਿੰਦੇ ਰਹੇ ਹਨ।   

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਅਮਰੀਕੀ ਦੌਰੇ ਦੇ ਬਾਅਦ ਵਾਸ਼ਿੰਗਟਨ ਨੇ ਕਿਹਾ ਕਿ ਹੁਣ ਸਮਾਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦਾ ਹੈ। ਇਸ ਦੌਰੇ 'ਤੇ ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਿਦੇਸ਼ ਮੰਤਰੀ ਮਾਇਕ ਪੋਮਪਿਓ ਨਾਲ ਮੁਲਾਕਾਤ ਕੀਤੀ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੋਰਗਨ ਓਰਟਾਗਸ ਨੇ ਪੱਤਰਕਾਰਾਂ ਨੂੰ ਕਿਹਾ, ''ਅਸੀਂ ਅਫ਼ਗ਼ਾਨਿਸਤਾਨ ਵਿਚ ਸ਼ਾਂਤੀ ਸਥਾਪਤ ਕਰਨ ਲਈ ਵਚਨਬੱਧ ਹਾਂ। ਮੈਨੂੰ ਲੱਗਦਾ ਹੈ ਕਿ ਇਹ ਇਕ ਮਹੱਤਵਪੂਰਣ ਕਦਮ ਸੀ। ਨਾ ਸਿਰਫ ਰਾਸ਼ਟਰਪਤੀ ਦੇ ਨਾਲ ਸਗੋਂ ਵਿਦੇਸ਼ ਮੰਤਰੀ ਦੇ ਨਾਲ ਵੀ ਕਈ ਮੁੱਦਿਆਂ 'ਤੇ ਚਰਚਾ ਹੋਈ ਅਤੇ ਹੁਣ ਬੈਠਕ ਵਿਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦਾ ਸਮਾਂ ਹੈ।''

ਉਨ੍ਹਾਂ ਨੇ ਖ਼ਾਨ ਅਤੇ ਟਰੰਪ ਵਿਚਕਾਰ ਹੋਈ ਬੈਠਕ ਨੂੰ ਸ਼ੁਰੂਆਤੀ ਬੈਠਕ ਦਸਿਆ ਅਤੇ ਕਿਹਾ ਕਿ ਇਸਨੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਮਿਲਣ, ਆਪਸੀ ਸੰਬੰਧ ਬਣਾਉਣ ਅਤੇ ਦੋਸਤੀ ਬਣਾਉਣ ਦਾ ਮੌਕਾ ਦਿਤਾ। ਓਰਟਾਗਸ ਨੇ ਕਿਹਾ 'ਹੁਣ ਸਾਨੂੰ ਲੱਗਦਾ ਹੈ ਕਿ ਇਸ ਪਹਿਲੀ ਸਫ਼ਲ ਬੈਠਕ ਨੂੰ ਅੱਗੇ ਵਧਾਉਣ ਦਾ ਸਮਾਂ ਹੈ। ਮੈਂ ਪ੍ਰਧਾਨ ਮੰਤਰੀ ਵਲੋਂ ਕਹੀਆਂ ਗੱਲਾਂ ਵਿਚੋਂ ਇਕ ਦਾ ਜ਼ਿਕਰ ਕਰਨਾ ਚਾਹਾਂਗਾ, ਉਨ੍ਹਾਂ ਨੇ ਰੈਜੋਲੂਸ਼ਨ ਲਿਆ ਸੀ ਕਿ ਉਹ ਅਫ਼ਗਾਨ ਸਰਕਾਰ ਨਾਲ ਗੱਲਬਾਤ ਕਰਨ ਲਈ ਤਾਲੀਬਾਨ ਨੂੰ ਅਪੀਲ ਕਰਨਗੇ।' ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅਤਿਵਾਦ ਦੇ ਵਿਰੁਧ ਲੜਾਈ ਲਈ ਵਚਨਬੱਧ ਹੈ।

ਓਰਟਾਗਸ ਨੇ ਕਿਹਾ, ''ਜਦੋਂ ਗੱਲ ਅਤਿਵਾਦ ਨਾਲ ਲੜਾਈ ਦੀ ਹੁੰਦੀ ਹੈ, ਤੁਹਾਡੇ ਕੋਲ ਵਿਦੇਸ਼ ਮੰਤਰੀ ਹੈ ਜਿਹੜਾ ਅਪਣੇ ਪੂਰੇ ਕਾਰਜਕਾਲ 'ਚ ਇਸ ਨੂੰ ਲੈ ਕੇ ਵਚਨਬੱਧ ਹੈ ਅਤੇ ਇਹ ਇਕ ਅਜਿਹਾ ਮੁੱਦਾ ਹੈ ਜਿਹੜਾ ਕਿ ਉਹ ਅਪਣੇ ਸਹਿਯੋਗੀਆਂ, ਦੋਸਤਾਂ ਅਤੇ ਹਰ ਕਿਸੇ ਨਾਲ ਗੱਲਬਾਤ ਦੌਰਾਨ ਚੁੱਕਦੇ ਰਹਿਣਗੇ।'' ਉਨ੍ਹਾਂ ਨੇ ਕਿਹਾ ਕਿ ਅਮਰੀਕਾ ਬੰਧਕਾਂ ਨੂੰ ਰਿਹਾਅ ਕਰਵਾਉਣ ਲਈ ਵੀ ਪਾਕਿਸਤਾਨ ਨਾਲ ਗੱਲ ਕਰ ਰਿਹਾ ਹੈ। ਵਿਦੇਸ਼ ਮੰਤਰੀ ਦੇ ਬੁਲਾਰੇ ਨੇ ਕਿਹਾ, 'ਅਸੀਂ ਉਨ੍ਹਾਂ ਨੂੰ 'ਬੰਧਕਾਂ' ਰਿਹਾਅ ਕਰਵਾਉਣ ਲਈ ਪਾਕਿਸਤਾਨੀਆਂ ਨਾਲ ਕੰਮ ਕਰ ਰਹੇ ਹਾਂ।  ਸਾਨੂੰ ਲੱਗਦਾ ਹੈ ਕਿ ਖ਼ਾਨ ਦਾ ਬਿਆਨ ਮਦਦਗਾਰ ਹੈ  ਅਤੇ ਅਸੀਂ ਪੱਕੇ ਤੌਰ 'ਤੇ ਉਮੀਦ ਕਰ ਰਹੇ ਹਾਂ ਕਿ ਉਨ੍ਹਾਂ ਬਿਆਨਾਂ ਦੇ ਸਬੰਧ ਵਿਚ ਕੁੱਝ ਕਦਮ ਚੁੱਕੇ ਜਾਣਗੇ।''

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ